ਜਗਤਾਰ ਸਿੰਘ ਲਾਂਬਾ
ਅੰਮ੍ਰਿਤਸਰ, 2 ਜੁਲਾਈ
ਬਿਜਲੀ ਦੇ ਲੱਗ ਰਹੇ ਕੱਟ ਅਤੇ ਬਿਜਲੀ ਸਪਲਾਈ ਪੂਰੀ ਨਾ ਮਿਲਣ ਕਾਰਨ ਪ੍ਰੇਸ਼ਾਨ ਹੋ ਰਹੇ ਲੋਕਾਂ ਦੇ ਹੱਕ ਵਿਚ ਹਾਅ ਦਾ ਨਾਅਰਾ ਮਾਰਦਿਆਂ ਸ਼੍ਰੋਮਣੀ ਅਕਾਲੀ ਦਲ ਵੱਲੋਂ ਅੱਜ ਜ਼ਿਲ੍ਹੇ ਵਿਚ ਵੱਖ ਵੱਖ ਥਾਵਾਂ ’ਤੇ ਬਿਜਲੀ ਨਿਗਮ ਖਿਲਾਫ ਰੋਸ ਵਿਖਾਵੇ ਕੀਤੇ ਹਨ। ਇਥੇ ਬਿਜਲੀ ਨਿਗਮ ਦੇ ਬਾਰਡਰ ਜ਼ੋਨ ਦੇ ਚੀਫ ਇੰਜਨੀਅਰ ਦੇ ਦਫਤਰ ਦੇ ਬਾਹਰ ਅਕਾਲੀ ਆਗੂ ਤਲਬੀਰ ਸਿੰਘ ਦੀ ਅਗਵਾਈ ਹੇਠ ਧਰਨਾ ਦਿੱਤਾ ਗਿਆ। ਪ੍ਰਦਰਸ਼ਨਕਾਰੀਆਂ ਨੇ ਸਰਕਾਰ ਅਤੇ ਬਿਜਲੀ ਨਿਗਮ ਖਿਲਾਫ ਨਾਅਰੇਬਾਜ਼ੀ ਕੀਤੀ।
ਗੁਰਦਾਸਪੁਰ(ਕੇ.ਪੀ ਸਿੰਘ): ਸੂਬੇ ਵਿੱਚ ਬਿਜਲੀ ਦੀ ਨਾਕਸ ਵਿਵਸਥਾ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਆਪਣੀ ਭਾਈਵਾਲ ਪਾਰਟੀ ਬਹੁਜਨ ਸਮਾਜ ਪਾਰਟੀ ਨਾਲ ਮਿਲ ਕੇ ਅੱਜ ਸਥਾਨਕ ਜੇਲ੍ਹ ਰੋਡ ਸਥਿਤ ਪਾਵਰ ਕਾਮ ਦੇ ਐੱਸ ਈ ਦਫ਼ਤਰ ਸਾਹਮਣੇ ਰੋਸ ਧਰਨਾ ਦਿੱਤਾ ਗਿਆ । ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਅਤੇ ਸਾਬਕਾ ਮੁੱਖ ਸੰਸਦੀ ਸਕੱਤਰ ਗੁਰਬਚਨ ਸਿੰਘ ਬੱਬੇਹਾਲੀ ਨੇ ਧਰਨੇ ਨੂੰ ਸੰਬੋਧਨ ਕੀਤਾ। ਇਸ ਮੌਕੇ ਬਹੁਜਨ ਸਮਾਜ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਜੇ ਪੀ ਭਗਤ, ਸੁਖਦੇਵ ਰਾਜ, ਜੋਤੀ ਭੀਮ, ਰਮੇਸ਼ ਭੁੰਬਲੀ, ਕੇਵਲ ਸਰੰਗਲ ਆਦਿ ਮੌਜੂਦ ਸਨ ।
ਤਰਨ ਤਾਰਨ,(ਗੁਰਬਖਸ਼ਪੁਰੀ) : ਬਿਜਲੀ ਦੇ ਕੱਟਾਂ ਅਤੇ ਵਧੇਰੇ ਬਿਜਲੀ ਘਰਾਂ ਦੇ ਫੀਡਰ ਓਵਰਲੋਡ ਹੋਣ ਕਰਕੇ ਕਿਸਾਨਾਂ ਨੂੰ ਪੂਰੀ ਬਿਜਲੀ ਨਾ ਮਿਲਣ ਖਿਲਾਫ਼ ਸ਼੍ਰੋਮਣੀ ਅਕਾਲੀ ਦਲ ਦੇ ਵੱਡੀ ਗਿਣਤੀ ਵਰਕਰਾਂ ਵਲੋਂ ਅੱਜ ਪਾਵਰਕਾਮ ਦੇ ਉਪਮੰਡਲ ਝਬਾਲ ਸਾਹਮਣੇ ਧਰਨਾ ਦਿੱਤਾ| ਪਾਰਟੀ ਆਗੂ ਇਕਬਾਲ ਸਿੰਘ ਸੰਧੂ (ਸਾਬਕ ਮੈਂਬਰ ਐਸ ਐਸ ਬੋਰਡ) ਦੀ ਅਗਵਾਈ ਵਿੱਚ ਤਿੱਖੀ ਗਰਮੀ ਵਿੱਚ ਦਿੱਤੇ ਧਰਨੇ ਵਿੱਚ ਪਾਰਟੀ ਆਗੂਆਂ ਬਿਜਲੀ ਦੇ ਅਣ ਐਲਾਨੇ ਕੱਟਾਂ ਖਿਲਾਫ਼ ਕੈਪਟਨ ਦੀ ਦੀ ਨਿਖੇਧੀ ਕੀਤੀ। ਪਠਾਨਕੋਟ(ਐੱਨਪੀ ਧਵਨ): ਅਣਐਲਾਨੇ ਬਿਜਲੀ ਕੱਟਾਂ ਨੂੰ ਲੈ ਕੇ ਅਕਾਲੀ ਦਲ ਅਤੇ ਬਸਪਾ ਵਲੋਂ ਪਾਵਰਕੌਮ ਉਪ-ਮੰਡਲ ਦਫਤਰ ਸੁਜਾਨਪੁਰ ਦੇ ਬਾਹਰ ਰੋਸ ਪ੍ਰਦਰਸ਼ਨ ਕੀਤਾ ਗਿਆ।
ਹੁਸ਼ਿਆਰਪੁਰ(ਹਰਪ੍ਰੀਤ ਕੌਰ): ਬਿਜਲੀ ਸੰਕਟ ਦੇ ਮੁੱਦੇ ’ਤੇ ਅੱਜ ਸ਼੍ਰੋਮਣੀ ਅਕਾਲੀ ਦਲ (ਬਾਦਲ) ਤੇ ਬਹੁਜਨ ਸਮਾਜ ਪਾਰਟੀ ਨੇ ਟਾਂਡਾ ਰੋਡ ’ਤੇ ਪਾਵਰਕੌਮ ਦੇ ਦਫ਼ਤਰ ਸਾਹਮਣੇ ਧਰਨਾ ਦਿੱਤਾ। ਧਰਨੇ ਦੀ ਅਗਵਾਈ ਜ਼ਿਲ੍ਹਾ ਸ਼ਹਿਰੀ ਪ੍ਰਧਾਨ ਜਤਿੰਦਰ ਸਿੰਘ ਲਾਲੀ ਬਾਜਵਾ ਤੇ ਬਸਪਾ ਦੇ ਵਿਧਾਨ ਸਭਾ ਇੰਚਾਰਜ ਸੁਮਿੱਤਰ ਸਿੰਘ ਸੀਕਰੀ ਨੇ ਕੀਤੀ।
ਮੁਕੇਰੀਆਂ (ਜਗਜੀਤ ਸਿੰਘ): ਬਿਜਲੀ ਕੱਟਾਂ ਖਿਲਾਫ਼ ਸ਼੍ਰੋਮਣੀ ਅਕਾਲੀ ਦਲ ਦੇ ਬਸਪਾ ਵਲੋਂ ਪਾਵਰਕੌਮ ਦੇ ਮੁਕੇਰੀਆਂ ਦਫਤਰ ਦੇ ਬਾਹਰ ਰੋਸ ਧਰਨਾ ਦਿੱਤਾ ਗਿਆ। ਇਸ ਰੋਸ ਧਰਨੇ ਦੀ ਅਗਵਾਈ ਯੂਥ ਅਕਾਲੀ ਦਲ ਦੇ ਸਕੱਤਰ ਜਨਰਲ ਸਰਬਜੋਤ ਸਿੰਘ ਸਾਬੀ ਅਤੇ ਬਸਪਾ ਦੇ ਹਲਕਾ ਇੰਚਾਰਜ ਗੋਬਿੰਦ ਸਿੰਘ ਨੇ ਕੀਤੀ।
ਗੜ੍ਹਸ਼ੰਕਰ(ਜੇਬੀ ਸੇਖੋਂ): ਸਥਾਨਕ ਸ਼ਹਿਰ ਅਤੇ ਆਲੇ ਦੁਆਲੇ ਦੇ ਪਿੰਡਾਂ ਵਿੱਚ ਬਿਜਲੀ ਦੇ ਲੱਗ ਰਹੇ ਲੰਮੇਂ ਕੱਟਾਂ ਦੇ ਵਿਰੋਧ ਵਿੱਚ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਸੁਰਿੰਦਰ ਸਿੰਘ ਭੁੱਲੇਵਾਲ ਰਾਠਾਂ ਦੀ ਅਗਵਾਈ ਹੇਠ ਅਕਾਲੀ ਦਲ ਅਤੇ ਬਸਪਾ ਦੇ ਆਗੂਆਂ ਤੇ ਵਰਕਰਾਂ ਵੱਲੋਂ ਪਾਵਰਕੌਮ ਦੇ ਦਫ਼ਤਰ ਅੱਗੇ ਰੋਹ ਭਰਪੂਰ ਰੋਸ ਧਰਨਾ ਦਿੱਤਾ ਗਿਆ।
ਭਾਜਪਾ ਨੇ ਦਿੱਤਾ ਹੁਸ਼ਿਆਰਪੁਰ ’ਚ ਧਰਨਾ
ਹੁਸ਼ਿਆਰਪੁਰ(ਪੱਤਰ ਪ੍ਰੇਰਕ):ਬਿਜਲੀ ਕੱਟਾਂ ਖਿਲਾਫ਼ ਭਾਰਤੀ ਜਨਤਾ ਪਾਰਟੀ ਵੱਲੋਂ ਜ਼ਿਲ੍ਹਾ ਪ੍ਰਧਾਨ ਨਿਪੁੰਨ ਸ਼ਰਮਾ ਦੀ ਅਗਵਾਈ ਹੇਠ ਅੱਜ ਪੀ.ਐੱਸ.ਪੀ.ਸੀ.ਐੱਲ ਦੇ ਨਿਗਰਾਨ ਇੰਜੀਨੀਅਰ ਦੇ ਦਫ਼ਤਰ ਬਾਹਰ ਧਰਨਾ ਦਿੱਤਾ ਗਿਆ। ਇਸ ਵਿੱਚ ਸਾਬਕਾ ਕੈਬਨਿਟ ਮੰਤਰੀ ਤੀਕਸ਼ਨ ਸੂਦ ਸਮੇਤ ਸੈਂਕੜੇ ਭਾਜਪਾ ਵਰਕਰਾਂ ਨੇ ਹਿੱਸਾ ਲਿਆ।
ਕਾਂਗਰਸ ਝੂਠੇ ਵਾਅਦੇ ਕਰਕੇ ਸੱਤਾ ’ਚ ਆਈ: ਮਜੀਠੀਆ
ਮਜੀਠਾ (ਲਖਨਪਾਲ ਸਿੰਘ): ਬਿਜਲੀ ਕੰਪਲੈਕ ਮਜੀਠਾ ਲਗਾਏ ਗਏ ਧਰਨੇ ਨੂੰ ਸੰਬੋਧਨ ਕਰਦਿਆਂ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਕਾਂਗਰਸ ਦੀ ਮਾੜੀ ਕਾਰਗੁਜ਼ਾਰੀ ਦੀ ਨਿਖੇਧੀ ਕੀਤੀ ਅਤੇ ਕਾਂਗਰਸ ਨੂੰ ਪਾਣੀ ਪੀ ਪੀ ਕੋਸਿਆ। ਉਨ੍ਹਾਂ ਕਿਹਾ ਕਿ ਹੁਣ ਕਰੀਬ 6 ਮਹੀਨੇ ਕਾਂਗਰਸ ਨੂੰ ਝੱਲਣਾ ਪਵੇਗਾ ਪਰ ਬਾਅਦ ਵਿੱਚ ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਹੇਠ ਅਕਾਲੀ ਦਲ ਦੀ ਸਰਕਾਰ ਬਣਨ ਤੇ ਲੋਕਾਂ ਨੂੰ ਬਿਜਲੀ ਸਬੰਧੀ ਕਿਸੇ ਤਰ੍ਹਾਂ ਦੀ ਸਮੱਸਿਆ ਦਾ ਸਾਹਮਣਾ ਨਹੀਂ ਕਰਨਾ ਪਵੇਗਾ।