ਵਿਜੈ ਮੋਹਨ
ਚੰਡੀਗੜ੍ਹ, 3 ਜੁਲਾਈ
ਇਸ ਵਾਰ ਉਤਰੀ ਖੇਤਰ ਵਿਚ ਮੌਨਸੂਨ ਸਮੇਂ ਤੋਂ ਪਹਿਲਾਂ ਸ਼ੁਰੂ ਹੋ ਗਈ ਸੀ ਤੇ ਜੂਨ ਮਹੀਨੇ ਭਰਵੇਂ ਮੀਂਹ ਪਏ ਪਰ ਹੁਣ ਮੌਨਸੂਨ ਪੰਜਾਬ, ਹਰਿਆਣਾ ਤੇ ਹਿਮਾਚਲ ਪ੍ਰਦੇਸ਼ ਤੋਂ ਦੂਰ ਜਾਂਦੀ ਦਿਖਾਈ ਦੇ ਰਹੀ ਹੈ। ਇਸ ਮਹੀਨੇ ਹਿਮਾਚਲ ਪ੍ਰਦੇਸ਼ ਵਿਚ 17 ਫੀਸਦੀ, ਹਰਿਆਣਾ ਵਿਚ 12 ਫੀਸਦੀ ਤੇ ਪੰਜਾਬ ਵਿਚ ਅੱਠ ਫੀਸਦੀ ਮੀਂਹ ਘੱਟ ਪਏ ਹਨ।
ਭਾਰਤੀ ਮੌਸਮ ਵਿਭਾਗ ਵਲੋਂ ਇਕੱਠੇ ਕੀਤੇ ਅੰਕੜਿਆਂ ਤੋਂ ਇਹ ਸਾਹਮਣੇ ਆਇਆ ਹੈ ਕਿ ਹਿਮਾਚਲ ਪ੍ਰਦੇਸ਼ ਵਿਚ ਪਹਿਲੀ ਜੂਨ ਤੋਂ ਤਿੰਨ ਜੁਲਾਈ ਤਕ 96.1 ਐਮਐਮ ਮੀਂਹ ਪਿਆ ਜੋ ਆਮ ਤੌਰ ਤੇ ਇਸ ਸੀਜ਼ਨ ਵਿਚ 115.5 ਐਮਐਮ ਪੈਂਦਾ ਹੈ। ਇਸੇ ਤਰ੍ਹਾਂ ਪੰਜਾਬ ਵਿਚ 62 ਦੀ ਥਾਂ 54.3 ਐਮਐਮ ਤੇ ਹਰਿਆਣਾ ਵਿਚ 56.5 ਦੀ ਥਾਂ 52.2 ਐਮਐਮ ਮੀਂਹ ਪਿਆ। ਇਸ ਖੇਤਰ ਵਿਚ ਮੌਨਸੂਨ 15 ਦਿਨ ਅਗੇਤੀ ਹੀ ਆ ਗਈ ਸੀ ਤੇ ਜੂਨ ਮਹੀਨੇ ਵਿਚ 14 ਫੀਸਦੀ ਵਾਧੂ ਮੀਂਹ ਪਿਆ। ਪਹਿਲੇ ਦੌਰ ਵਿਚ ਮੌਨਸੂਨ ਵਧੀਆ ਰਹਿਣ ਤੋਂ ਬਾਅਦ ਹੁਣ ਕਮਜ਼ੋਰ ਪੈ ਗਈ ਹੈ।