ਪੱਤਰ ਪ੍ਰੇਰਕ
ਤਰਨ ਤਾਰਨ, 2 ਜੁਲਾਈ
ਸਰਹੱਦੀ ਖੇਤਰ ਅੰਦਰ ਬਿਜਲੀ ਅਤੇ ਨਹਿਰੀ ਪਾਣੀ ਦੇ ਨਿਕੰਮੇ ਪ੍ਰਬੰਧਾਂ ਖਿਲਾਫ਼ ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਦੇ ਝੰਡੇ ਹੇਠ ਕਿਸਾਨਾਂ ਨੇ ਅੱਜ ਇਥੇ ਜਿਲ੍ਹਾ ਪ੍ਰਬੰਧਕੀ ਕੰਪਲੈਕਸ ਸਾਹਮਣੇ ਧਰਨਾ ਦਿੱਤਾ| ਜਥੇਬੰਦੀ ਵਲੋਂ ਕਿਸਾਨਾਂ ਦੀਆਂ ਸਮੱਸਿਆਂਵਾਂ ਦਾ ਇਕ ਮੰਗ ਪੱਤਰ ਵਧੀਕ ਡਿਪਟੀ ਕਮਿਸ਼ਨਰ (ਜਨਰਲ) ਜਗਵਿੰਦਰਜੀਤ ਸਿੰਘ ਗਰੇਵਾਲ ਨੂੰ ਸੌਂਪਿਆ| ਧਰਨਾਕਾਰੀ ਕਿਸਾਨਾਂ ਜਥੇਬੰਦੀ ਦੇ ਜਿਲ੍ਹਾ ਪ੍ਰਧਾਨ ਜਸਬੀਰ ਸਿੰਘ ਗੰਡੀਵਿੰਡ, ਹਰਦੀਪ ਸਿੰਘ ਜੋੜੀ, ਗੁਰਬਾਜ ਸਿੰਘ ਸਿਧਵਾਂ, ਮੁਖਤਾਰ ਸਿੰਘ ਚੀਮਾ, ਨਿਰਵੈਲ ਸਿੰਘ ਪੰਜਵੜ ਆਦਿ ਨੇ ਸੰਬੋਧਨ ਕੀਤਾ| ਬੁਲਾਰਿਆਂ ਦੋਸ਼ ਲਗਾਇਆ ਕਿ ਸਰਹੱਦੀ ਖੇਤਰ ਅੰਦਰ ਪਾਵਰਕੌਮ ਕਿਸਾਨਾਂ ਨੂੰ ਅੱਠ ਘੰਟੇ ਦੀ ਥਾਂ ਨੇ ਮਾਤਰ ਪੰਜ ਘੰਟੇ ਤੱਕ ਹੀ ਬਿਜਲੀ ਦੇ ਰਿਹਾ ਹੈ| ਆਗੂਆਂ ਕਿਹਾ ਕਿ ਸਰਹੱਦੀ ਖੇਤਰ ਦੇ ਕਈ ਪਿੰਡਾਂ ਦੇ ਕਿਸਾਨਾਂ ਨੇ ਸਾਲਾਂ ਤੋਂ ਨਹਿਰੀ ਪਾਣੀ ਤੱਕਿਆ ਵੀ ਨਹੀਂ ਹੈ ਅਤੇ ਸਰਕਾਰ ਦੀਆਂ ਮਾੜੀਆਂ ਨੀਤੀਆਂ ਕਰਕੇ ਨਹਿਰੀ ਸਿਸਟਮ ਪੂਰੀ ਤਰ੍ਹਾਂ ਨਾਲ ਤਬਾਹ ਹੋ ਚੁੱਕਾ ਹੈ| ਕਿਸਾਨਾਂ ਨੇ ਪਾਵਰਕੌਮ ਦੇ ਉਪ ਮੁੱਖ ਇੰਜੀਨੀਅਰ ਦੇ ਦਫਤਰ ਸਾਹਮਣੇ ਵੀ ਵਿਖਾਵਾ ਕੀਤਾ|
ਸ਼ਾਹਕੋਟ (ਪੱਤਰ ਪ੍ਰੇਰਕ): ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੀ ਇਲਾਕਾ ਕਮੇਟੀ ਨੇ ਅੱਜ ਬਿਜਲੀ ਦੇ ਲੱਗ ਰਹੇ ਅਣ ਐਲਾਨੇ ਕੱਟਾਂ,ਆਏ ਦਿਨ ਵਧ ਰਹੀਆਂ ਪੈਟਰੋਲ,ਡੀਜ਼ਲ ਤੇ ਰਸੋਈ ਦੀਆਂ ਕੀਮਤਾਂ ਅਤੇ ਅਸ਼ਮਾਨੀ ਚੜ੍ਹੀ ਮਹਿੰਗਾਈ ਦੇ ਖਿਲਾਫ ਐੱਸਡੀਐੱਮ ਦਫਤਰ ਨਕੋਦਰ ਵਿੱਚ ਧਰਨਾ ਦਿੱਤਾ। ਇਸ ਮੌਕੇ ਮੋਹਨ ਸਿੰਘ ਬੱਲ੍ਹ, ਨਿਰਮਲ ਸਿੰਘ ਜਹਾਂਗੀਰ,ਮਨਜੀਤ ਸਿੰਘ ਮਲਸੀਆਂ,ਹਰਨੇਕ ਸਿੰਘ ਮਾਲੜੀ, ਮਨਜੀਤ ਸਿੰਘ ਸਾਬੀ ਅਤੇ ਗੁਰਚਰਨ ਸਿੰਘ ਚਾਹਲ ਨੇ ਸੰਬੋਧਨ ਕੀਤਾ।
ਚੇਤਨਪੁਰਾ: (ਪੱਤਰ ਪ੍ਰੇਰਕ): ਕਿਰਤੀ ਕਿਸਾਨ ਯੂਨੀਅਨ ਵੱਲੋਂ ਬਿਜਲੀ ਦੀ ਅੱਠ ਘੰਟੇ ਨਿਰਵਿਘਨ ਸਪਲਾਈ ਦੀ ਮੰਗ ਨੂੰ ਲੈ ਕੇ ਐਕਸੀਅਨ ਦਫਤਰ ਅਜਨਾਲਾ ਅੱਗੇ ਧਰਨਾ ਦਿੱਤਾ ਗਿਆ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਸਤਨਾਮ ਸਿੰਘ ਝੰਡੇਰ ਅਤੇ ਮੀਤ ਪ੍ਰਧਾਨ ਅਵਤਾਰ ਸਿੰਘ ਜੱਸੜ ਨੇ ਕਿਹਾ ਕਿ ਸਰਕਾਰ ਵੱਡੇ ਵੱਡੇ ਦਾਅਵੇ ਕਰਦੀ ਹੈ ਕਿ ਕਿਸਾਨਾਂ ਨੂੰ ਅੱਠ ਘੰਟੇ ਨਿਰਵਿਘਨ ਸਪਲਾਈ ਦਿੱਤੀ ਜਾ ਰਹੀ ਹੈ ਪਰ ਅਸਲੀਅਤ ਵਿੱਚ ਇਹ ਸਿਰਫ ਦੋ ਤਿੰਨ ਘੰਟੇ ਹੀ ਮਿਲ ਰਹੀ ਹੈ।