ਬਗਦਾਦ, 2 ਜੁਲਾਈ
ਭਾਰੀ ਗਰਮੀ ਦੌਰਾਨ ਇਰਾਕ ਦੇ ਕਈ ਇਲਾਕਿਆਂ ’ਚ ਅੱਜ ਬਿਜਲੀ ਸਪਲਾਈ ਠੱਪ ਹੋ ਗਈ, ਜਿਸ ਕਾਰਨ ਰਾਜਧਾਨੀ ਨਾਲ ਲੱਗਦੇ ਖਾਸ ਇਲਾਕੇ ਪ੍ਰਭਾਵਿਤ ਹੋਏ ਅਤੇ ਜਨਜੀਵਨ ’ਤੇ ਵੀ ਅਸਰ ਪਿਆ।
ਬਿਜਲੀ ਮੰਤਰਾਲੇ ਵੱਲੋਂ ਅੱਜ ਸਵੇਰੇ ਜਾਰੀ ਅੰਕੜਿਆਂ ਮੁਤਾਬਕ ਇਰਾਕ ਦਾ ਬਿਜਲੀ ਗਰਿੱਡ ਸਿਰਫ਼ 4 ਹਜ਼ਾਰ ਮੈਗਾਵਾਟ ਤੋਂ ਕੁਝ ਜ਼ਿਆਦਾ ਬਿਜਲੀ ਪੈਦਾ ਕਰ ਰਿਹਾ ਹੈ, ਜੋ ਔਸਤ ਉਤਪਾਦਨ 20 ਹਜ਼ਾਰ ਮੈਗਾਵਾਟ ਤੋਂ ਬਹੁਤ ਘੱਟ ਹੈ। ਬਿਜਲੀ ਕੱਟਾਂ ਨਾਲ ਖਾਸਕਰ ਬਗਦਾਦ ਅਤੇ ਦੱਖਣੀ ਸੂਬੇ ਅਸਰਅੰਦਾਜ਼ ਹੋਏ ਹਨ। ਸਥਾਨਕ ਚੈਨਲਾਂ ਨੇ ਦੱਸਿਆ ਕਿ ਬਗਦਾਦ ਅਤੇ ਦੱਖਣੀ ਸੂਬੇ ਬੇਬੀਲੌਨ ਵਿਚਾਲੇ 400 ਕੇਵੀ ਦੀ ਵੱਡੀ ਬਿਜਲੀ ਲਾਈਨ ਕੱਟਣ ਕਾਰਨ ਇਹ ਬਿਜਲੀ ਸੰਕਟ ਪੈਦਾ ਹੋਇਆ ਹੈ। ਮੰਤਰਾਲੇ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਇਸ ਦੇ ਕਾਰਨਾਂ ਦਾ ਤੁਰੰਤ ਪਤਾ ਨਹੀਂ ਲੱਗ ਸਕਿਆ ਪਰ ਹੋ ਸਕਦਾ ਹੈ ਕਿ ਲਾਈਨ ’ਤੇ ਲੋਡ ਵੱਧ ਹੋਵੇ ਜਾਂ ਕਿਤੇ ਕੋਈ ਭੰਨਤੋੜ ਹੋਈ ਹੋਵੇ।
ਇਹ ਵੀ ਕਿਹਾ ਜਾ ਰਿਹਾ ਹੈ ਕਿ ਬਿਜਲੀ ਨੈੱਟਵਰਕ ਓਵਰਲੋਡ ਹੋਣ ਨਾਲ ਬਿਜਲੀ ਪੂਰੀ ਤਰ੍ਹਾਂ ਗੁੱਲ ਹੋ ਸਕਦੀ ਹੈ। ਟਰਾਂਸਮਿਸ਼ਨ ਨੈੱਟਵਰਕ ਅਤੇ ਵੰਡ ਸਮਰੱਥਾ ’ਚ ਖਾਮੀਆਂ ਵੀ ਬਿਜਲੀ ਸਪਲਾਈ ਠੱਪ ਹੋਣ ਦਾ ਕਾਰਨ ਹੋ ਸਕਦੀਆਂ ਹਨ। ਜ਼ਿਆਦਾ ਤਾਪਮਾਨ ਵੀ ਸਪਲਾਈ ਲਾਈਨਾਂ ਨੂੰ ਪ੍ਰਭਾਵਿਤ ਕਰ ਸਕਦਾ ਹੈ।
ਜ਼ਿਕਰਯੋਗ ਹੈ ਕਿ ਇਰਾਕ ’ਚ ਪਿਛਲੀ ਵਾਰ ਦੇਸ਼ਵਿਆਪੀ ਬਿਜਲੀ ਸੰਕਟ ਪੰਜ ਸਾਲ ਪਹਿਲਾਂ ਆਇਆ ਸੀ। ਇਰਾਕ ਅਧਾਰਿਤ ਇੱਕ ਖੋਜਕਰਤਾ ਸਜਾਦ ਜਯਾਦ ਨੇ ਟਵੀਟ ਕੀਤਾ, ‘ਜੇਕਰ ਜਲਦੀ ਇਸ ਦਾ ਹੱਲ ਨਾ ਕੀਤਾ ਗਿਆ ਤਾਂ ਮਾਰੂ ਅਸਰ ਕਾਰਨ ਸਭ ਕੁਝ ਕੰਮ ਕਰਨਾ ਬੰਦ ਕਰ ਦੇਵੇਗਾ।’ -ਏਪੀ