ਚਰਨਜੀਤ ਭੁੱਲਰ
ਚੰਡੀਗੜ੍ਹ, 2 ਜੁਲਾਈ
ਪੰਜਾਬ ਕਾਂਗਰਸ ਦੇ ਸੱਦੇ ’ਤੇ ਅੱਜ ਸੂਬੇ ਭਰ ਵਿੱਚ ਕਾਂਗਰਸੀ ਆਗੂਆਂ ਤੇ ਵਰਕਰਾਂ ਵੱਲੋਂ ਤੇਲ ਕੀਮਤਾਂ ਅਤੇ ਰਸੋਈ ਗੈਸ ਦੀਆਂ ਕੀਮਤਾਂ ਵਿੱਚ ਵਾਧੇ ਵਿਰੁੱਧ ਰੋਸ ਧਰਨੇ ਦਿੱਤੇ ਗਏ।
ਪਟਿਆਲਾ ਵਿਚ ਇੱਕ ਪਾਸੇ ਜਿੱਥੇ ਅੱਜ ਭਾਜਪਾ ਵੱਲੋਂ ਬਿਜਲੀ ਦੇ ਕੱਟਾਂ ਖ਼ਿਲਾਫ਼ ਰੋਸ ਮੁਜ਼ਾਹਰਾ ਕੀਤਾ ਗਿਆ, ਉੱਥੇ ਹੀ ਕਾਂਗਰਸੀ ਆਗੂਆਂ ਤੇ ਵਰਕਰਾਂ ਨੇ ਮਹਿੰਗਾਈ ਖ਼ਿਲਾਫ਼ ਪ੍ਰਦਰਸ਼ਨ ਕੀਤਾ। ਇਸ ਮੌਕੇ ਮਹਿਲਾ ਆਗੂਆਂ ਨੇ ਖਾਲੀ ਗੈਸ ਸਿਲੰਡਰ ਵੀ ਅੱਗੇ ਰੱਖੇ ਹੋਏ ਸਨ। ਬਠਿੰਡਾ ਦੇ ਫਾਇਰ ਬ੍ਰਿਗੇਡ ਚੌਕ ਵਿੱਚ ਕਾਂਗਰਸੀਆਂ ਨੇ ਰੋਸ ਧਰਨਾ ਦਿੱਤਾ ਅਤੇ ਕੇਂਦਰ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਦੋਆਬਾ ਅਤੇ ਮਾਝਾ ਖੇਤਰਾਂ ਦੇ ਕਈ ਸ਼ਹਿਰਾਂ ਵਿਚ ਅੱਜ ਕਾਂਗਰਸੀਆਂ ਨੇ ਕੇਂਦਰ ਸਰਕਾਰ ਖ਼ਿਲਾਫ਼ ਰੋਸ ਮਾਰਚ ਕੀਤੇ ਅਤੇ ਕੇਂਦਰ ਸਰਕਾਰ ਦੇ ਪੁਤਲੇ ਸਾੜੇ। ਫਗਵਾੜਾ ਵਿੱਚ ਸਾਬਕਾ ਮੰਤਰੀ ਜੋਗਿੰਦਰ ਸਿੰਘ ਮਾਨ ਦੀ ਅਗਵਾਈ ਹੇਠ ਤੇਲ ਕੀਮਤਾਂ ਤੇ ਰਸੋਈ ਗੈਸ ਕੀਮਤਾਂ ਵਿਚ ਵਾਧੇ ਖ਼ਿਲਾਫ਼ ਕੇਂਦਰ ਸਰਕਾਰ ’ਤੇ ਨਿਸ਼ਾਨਾ ਸੇਧਿਆ ਗਿਆ।
ਖੰਨਾ ਵਿਚ ਵੀ ਅੱਜ ਕਾਂਗਰਸੀਆਂ ਨੇ ਰੋਸ ਪ੍ਰਦਰਸ਼ਨ ਕੀਤਾ। ਮਲੋਟ ਵਿੱਚ ਕਾਂਗਰਸੀ ਵਰਕਰਾਂ ਨੇ ਧਰਨਾ ਲਾਇਆ। ਕਾਂਗਰਸੀ ਆਗੂਆਂ ਨੇ ਕੇਂਦਰ ਸਰਕਾਰ ਨੂੰ ਕਾਰਪੋਰੇਟਾਂ ਦੀ ਸਰਕਾਰ ਦੱਸਿਆ ਜਿਸ ਨੇ ਆਮ ਆਦਮੀ ਦਾ ਕਚੂੰਮਰ ਕੱਢ ਕੇ ਰੱਖ ਦਿੱਤਾ ਹੈ। ਕਸਬਾ ਫੂਲ ਵਿੱਚ ਅੱਜ ਕਾਂਗਰਸ ਨੇ ਧਰਨਾ ਲਾਇਆ ਜਿੱਥੇ ਮਾਲ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਦੇ ਪੁੱਜਣ ਦੀ ਖ਼ਬਰ ਸੀ। ਇਸ ਗੱਲ ਦਾ ਪਤਾ ਲੱਗਦੇ ਹੀ ਕਿਸਾਨਾਂ ਨੇ ਬੀਕੇਯੂ (ਕ੍ਰਾਂਤੀਕਾਰੀ) ਦੀ ਅਗਵਾਈ ਵਿੱਚ ਧਰਨੇ ਵੱਲ ਚਾਲੇ ਪਾ ਦਿੱਤੇ। ਕਿਸਾਨ ਆਗੂਆਂ ਦਾ ਕਹਿਣਾ ਸੀ ਕਿ ਮਾਲ ਮੰਤਰੀ ਨੇ ਕਿਸਾਨਾਂ ਦੇ ਡਰੋਂ ਅੱਜ ਧਰਨੇ ਤੋਂ ਪਾਸਾ ਹੀ ਵੱਟ ਲਿਆ। ਮਗਰੋਂ ਕਿਸਾਨਾਂ ਨੇ ਕਾਂਗਰਸ ਦੇ ਬਰਾਬਰ ਧਰਨਾ ਲਾਇਆ।
ਖੇਮਕਰਨ ਵਿਚ ਅੱਜ ਕਾਂਗਰਸੀਆਂ ਨੇ ਰੋਸ ਵਜੋਂ ਜੀਟੀ ਰੋਡ ’ਤੇ ਧਰਨਾ ਲਾਇਆ ਅਤੇ ਕਾਹਨੂੰਵਾਨ ਵਿਚ ਵੀ ਕਾਂਗਰਸੀ ਵਰਕਰਾਂ ਨੇ ਪ੍ਰਦਰਸ਼ਨ ਕੀਤਾ। ਭਵਾਨੀਗੜ੍ਹ ਵਿੱਚ ਕਾਂਗਰਸੀ ਸੜਕਾਂ ’ਤੇ ਉਤਰੇ ਹੋਏ ਸਨ। ਇਸੇ ਤਰ੍ਹਾਂ ਮੋਗਾ ਵਿਚ ਮਹਿੰਗਾਈ ਖ਼ਿਲਾਫ਼ ਟਰਾਂਸਪੋਰਟਰਾਂ ਨੇ ਰੋਸ ਪ੍ਰਦਰਸ਼ਨ ਕੀਤਾ। ਤਲਵੰਡੀ ਸਾਬੋ ਦੇ ਖੰਡਾ ਚੌਕ ਵਿੱਚ ਕਾਂਗਰਸੀ ਆਗੂਆਂ ਨੇ ਕੇਂਦਰ ਸਰਕਾਰ ਦਾ ਪੁਤਲਾ ਸਾੜਿਆ। ਹਲਕਾ ਇੰਚਾਰਜ ਖੁਸ਼ਬਾਜ ਜਟਾਣਾ ਨੇ ਕੇਂਦਰ ਤੋਂ ਫੌਰੀ ਤੇਲ ਕੀਮਤਾਂ ਅਤੇ ਰਸੋਈ ਗੈਸ ਕੀਮਤਾਂ ਵਿਚ ਕੀਤਾ ਵਾਧਾ ਵਾਪਸ ਲੈਣ ਦੀ ਮੰਗ ਕੀਤੀ। ਇਸੇ ਤਰ੍ਹਾਂ ਬਾਕੀ ਥਾਵਾਂ ’ਤੇ ਵੀ ਕਾਂਗਰਸੀ ਆਗੂਆਂ ਨੇ ਮਹਿੰਗਾਈ ਖ਼ਿਲਾਫ਼ ਰੋਸ ਪ੍ਰਗਟਾਇਆ।
ਕਾਂਗਰਸ ਵੱਲੋਂ ਮਹਿੰਗਾਈ ਖ਼ਿਲਾਫ਼ ਸੰਨੀ ਦਿਓਲ ਦੀ ਕੋਠੀ ਅੱਗੇ ਧਰਨਾ
ਪਠਾਨਕੋਟ (ਐੱਨਪੀ ਧਵਨ): ਵਧ ਰਹੀ ਮਹਿੰਗਾਈ ਅਤੇ ਪੈਟਰੋਲ, ਡੀਜ਼ਲ ਦੀਆਂ ਕੀਮਤਾਂ ਵਿੱਚ ਲਗਾਤਾਰ ਹੋ ਰਹੇ ਵਾਧੇ ਖ਼ਿਲਾਫ਼ ਕਾਂਗਰਸ ਪਾਰਟੀ ਨੇ ਅੱਜ ਇਥੇ ਸੰਸਦ ਮੈਂਬਰ ਸੰਨੀ ਦਿਓਲ ਦੀ ਕੋਠੀ ਅੱਗੇ ਧਰਨਾ ਲਾਇਆ। ਇਸ ਮੌਕੇ ਸੰਨੀ ਦਿਓਲ ਦਾ ਪੁਤਲਾ ਵੀ ਫੂਕਿਆ ਗਿਆ। ਵਿਧਾਇਕ ਅਮਿਤ ਵਿਜ ਨੇ ਕਿਹਾ ਕਿ ਮਹਿੰਗਾਈ ਦੇ ਮੁੱਦੇ ’ਤੇ ਕੇਂਦਰ ਸਰਕਾਰ ਪੂਰੀ ਤਰ੍ਹਾਂ ਫੇਲ੍ਹ ਸਾਬਤ ਹੋਈ ਹੈ, ਜਿਸ ਦਾ ਖਮਿਆਜ਼ਾ ਲੋਕਾਂ ਨੂੰ ਭੁਗਤਣਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਸੰਸਦ ਮੈਂਬਰ ਸੰਨੀ ਦਿਓਲ ਚੋਣਾਂ ਜਿੱਤਣ ਮਗਰੋਂ ਕਦੇ ਵੀ ਆਪਣੇ ਹਲਕੇ ਵਿੱਚ ਦਿਖਾਈ ਨਹੀਂ ਦਿੱਤੇ। ਉਨ੍ਹਾਂ ਕਿਹਾ ਕਿ ਅੱਜ ਦੇਸ਼ ਵਿੱਚ ਪੈਟਰੋਲ ਅਤੇ ਡੀਜ਼ਲ ਦੇ ਨਾਲ ਹੀ ਘਰੇਲੂ ਗੈਸ ਸਿਲੰਡਰ ਦੀ ਕੀਮਤ ਇੰਨੀ ਜ਼ਿਆਦਾ ਵੱਧ ਚੁੱਕੀ ਹੈ ਕਿ ਦੇਸ਼ ਵਿੱਚ ਹਾਹਾਕਾਰ ਮੱਚੀ ਹੋਈ ਹੈ, ਜਿਸ ਤੋਂ ਲੱਗਦਾ ਹੈ ਕਿ ਕੇਂਦਰ ਵਿੱਚ ਬੈਠੀ ਭਾਜਪਾ ਸਰਕਾਰ ਦੇਸ਼ ਵਿੱਚ ਗਰੀਬੀ ਨਹੀਂ ਬਲਕਿ ਗਰੀਬਾਂ ਨੂੰ ਹੀ ਖਤਮ ਕਰਨ ’ਤੇ ਤੁਲੀ ਹੋਈ ਹੈ। ਪਾਰਟੀ ਦੇ ਕਾਰਜਕਾਰੀ ਜ਼ਿਲ੍ਹਾ ਪ੍ਰਧਾਨ ਸੰਜੀਵ ਬੈਂਸ ਨੇ ਕਿਹਾ ਕਿ ਸੰਨੀ ਦਿਓਲ ਮਹਿੰਗਾਈ ਨੂੰ ਕਾਬੂ ਪਾਉਣ ਲਈ ਕੇਂਦਰ ਵਿੱਚ ਕੁਝ ਨਹੀਂ ਕਰ ਰਿਹਾ ਅਤੇ ਕੋਵਿਡ ਦੌਰਾਨ ਇਹ ਹਲਕੇ ਅੰਦਰ ਵੜਿਆ ਤੱਕ ਨਹੀਂ।