ਪਰਮਜੀਤ ਸਿੰਘ
ਫਾਜ਼ਿਲਕਾ, 2 ਜੁਲਾਈ
ਨਹਿਰੀ ਪਾਣੀ ਦੀ ਭਾਰੀ ਕਿੱਲਤ ਅਤੇ ਪੰਜਾਬ ’ਚ ਪੈਦਾ ਹੋਏ ਬਿਜਲੀ ਸੰਕਟ ਨੂੰ ਦੇਖਦਿਆਂ ਅੱਜ ਸ਼੍ਰੋਮਣੀ ਅਕਾਲੀ ਦਲ ਅਤੇ ਬਸਪਾ ਵੱਲੋਂ ਇਥੋਂ ਦੇ ਬਿਜਲੀ ਘਰ ਅੱਗੇ ਪੰਜਾਬ ਸਰਕਾਰ ਖ਼ਿਲਾਫ਼ ਧਰਨਾ ਦਿੱਤਾ ਗਿਆ। ਧਰਨੇ ਨੂੰ ਸੰਬੋਧਨ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਫਿਰੋਜ਼ਪੁਰ ਤੋਂ ਸੰਸਦ ਮੈਂਬਰ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਹੁਣ ਕਾਂਗਰਸ ਦੇ ਰਾਜ ’ਚ ਨਹਿਰਾਂ ’ਚ ਸਿਰਫ ਛੇ ਮਹੀਨੇ ਪਾਣੀ ਆ ਰਿਹਾ ਹੈ ਪਰ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਆਉਣ ’ਤੇ ਕਿਸਾਨਾਂ ਲਈ ਸਾਲ ਵਿੱਚ 24 ਮਹੀਨੇ ਨਹਿਰਾਂ ’ਚ ਪਾਣੀ ਛੱਡਿਆ ਜਾਵੇਗਾ। ਆਪਣੇ ਪ੍ਰਧਾਨ ਵੱਲੋਂ ਸਾਲ ਵਿੱਚ 12 ਮਹੀਨਿਆਂ ਨੂੰ 24 ਦੱਸਣ ਦੀ ਗੱਲ ਸੁਣ ਕੇ ਸਾਰੇ ਵਰਕਰ ਅਤੇ ਆਗੂ ਹੱਕੇ-ਬੱਕੇ ਰਹਿ ਗਏ। ਇਸ ਦੌਰਾਨ ਉਨ੍ਹਾਂ ਪੰਜਾਬ ਸਰਕਾਰ ਦੀ ਜੰਮ ਕੇ ਨੁਕਤਾਚੀਨੀ ਕੀਤੀ ਅਤੇ ਫਾਜ਼ਿਲਕਾ ਤੋਂ ਵਿਧਾਇਕ ਦਵਿੰਦਰ ਸਿੰਘ ਘੁਬਾਇਆ ਨੂੰ ਵੀ ਕਰੜੇ ਹੱਥੀਂ ਲਿਆ। ਸੁਖਬੀਰ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੀ ਪੰਜਾਬ ’ਚ ਸਰਕਾਰ ਆਉਣ ’ਤੇ ਦਵਿੰਦਰ ਘੁਬਾਇਆ ਵਲੋਂ ਲਗਾਈਆਂ ਟਾਈਲ ਫੈਕਟਰੀਆਂ, ਕਾਲਜ ’ਚ ਕਰਵਾਈਆਂ ਜਾਅਲੀ ਐਡਮਿਸ਼ਨਾਂ ਅਤੇ ਕਰੋੜਾਂ ਰੁਪਏ ਦੇ ਚੌਲਾਂ ਦੇ ਕੀਤੇ ਘਪਲੇ ਦੀ ਜਾਂਚ ਕਰ ਕੇ ਘੁਬਾਇਆ ਪਰਿਵਾਰ ਨੂੰ ਸਬਕ ਸਿਖਾਇਆ ਜਾਵੇਗਾ। ਉਨ੍ਹਾਂ ਇੱਥੋਂ ਤੱਕ ਕਹਿ ਦਿੱਤਾ ਕਿ ਵਿਧਾਇਕ ਘੁਬਾਇਆ ਨੂੰ ਭੱਜਣ ਲਈ ਕੋਈ ਗਲੀ ਨਹੀਂ ਲੱਭੇਗੀ। ਇਸ ਮੌਕੇ ਹੰਸਰਾਜ ਜੋਸਨ, ਸਤਿੰਦਰਜੀਤ ਸਿੰਘ ਮੰਟਾ ਹਾਜ਼ਰ ਸਨ।
ਬਠਿੰਡਾ/ ਸੰਗਤ ਮੰਡੀ (ਪੱਤਰ ਪ੍ਰੇਰਕ): ਬਿਜਲੀ ਕੱਟਾਂ ਖ਼ਿਲਾਫ਼ ਅੱਜ ਇੱਥੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਕੈਪਟਨ ਸਰਕਾਰ ਖ਼ਿਲਾਫ਼ ਬਿਜਲੀ ਘਰਾਂ ਅੱਗੇ ਧਰਨੇ ਦਿੱਤੇ ਗਏ। ਅਕਾਲੀ ਆਗੂਆਂ ਅਤੇ ਵਰਕਰਾਂ ਨੇ ਬਠਿੰਡਾ ਜ਼ਿਲ੍ਹੇ ਅੰਦਰ ਪਾਵਰਕੌਮ ਦੇ ਵੱਖ ਵੱਖ ਸਬ-ਡਿਵੀਜ਼ਨ ਦਫ਼ਤਰਾਂ ਅਤੇ ਗਰਿੱਡਾਂ ਨੂੰ ਘੇਰਿਆ। ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਸੰਗਤ ਬਲਾਕ ਅਤੇ ਬਠਿੰਡਾ ਵਿੱਚ ਬਿਜਲੀ ਮੁੱਦੇ ’ਤੇ ਕੈਪਟਨ ਅਮਰਿੰਦਰ ਸਿੰਘ ਨੂੰ ਨਿਸ਼ਾਨੇ ’ਤੇ ਰੱਖਿਆ। ਉਨ੍ਹਾਂ ਬਠਿੰਡਾ ਸ਼ਹਿਰ ਦੇ ਸਿਰਕੀ ਬਾਜ਼ਾਰ ਵਿੱਚ ਬਿਜਲੀ ਦਫ਼ਤਰ ਅੱਗੇ ਧਰਨੇ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਇੰਡਸਟਰੀ ਨੂੰ ਬੰਦ ਕਰਨ ਦਾ ਹੁਕਮ ਦੇਣ ਵਾਲੇ ਮੁੱਖ ਮੰਤਰੀ ਨੂੰ ਪਹਿਲਾਂ ਆਪਣੀ ਰਿਹਾਇਸ਼ ਅਤੇ ਆਪਣੇ ਫਾਰਮ ਹਾਊਸ ’ਤੇ ਚੱਲਦੇ ਦਰਜਨਾਂ ਏਸੀ ਬੰਦ ਕਰਨੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੀ ਅਗਵਾਈ ਵਾਲੀ ਸਰਕਾਰ ਨੇ ਪੰਜਾਬ ਨੂੰ ਬਿਜਲੀ ਸਰਪਲੱਸ ਬਣਾਇਆ ਸੀ ਪਰ ਕੈਪਟਨ ਸਰਕਾਰ ਦੀਆਂ ਭ੍ਰਿਸ਼ਟ ਨੀਤੀਆਂ ਕਰਕੇ ਅੱਜ ਹਰ ਪਾਸੇ ਹਾਹਾਕਾਰ ਮੱਚੀ ਹੋਈ ਹੈ। ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਅਤੇ ਮਨਪ੍ਰੀਤ ਬਾਦਲ ਦੀਆਂ ਲੋਕ ਵਿਰੋਧੀ ਨੀਤੀਆਂ ਨੇ ਪੰਜਾਬ ਨੂੰ ਬਰਬਾਦ ਕਰਕੇ ਰੱਖ ਦਿੱਤਾ ਹੈ। ਹਰਸਿਮਰਤ ਨੇ ਸਾਬਕਾ ਵਿਧਾਇਕ ਸਰੂਪ ਚੰਦ ਸਿੰਗਲਾ ਦੀ ਅਗਵਾਈ ਹੇਠ ਦੁਕਾਨਦਾਰਾਂ ਨੂੰ ਪੱਖੀਆਂ ਵੰਡ ਕੇ ਸੂਬਾ ਸਰਕਾਰ ਖ਼ਿਲਾਫ਼ ਰੋਸ ਪ੍ਰਗਟਾਇਆ। ਇਸੇ ਤਰ੍ਹਾਂ ਹਲਕਾ ਭੁੱਚੋ ਅਧੀਨ ਗੋਨਿਆਣਾ ਵਿੱਚ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਬਲਕਾਰ ਸਿੰਘ ਬਰਾੜ ਦੀ ਅਗਵਾਈ ਹੇਠ ਧਰਨਾ ਲਾਇਆ ਗਿਆ।
ਸੁਖਬੀਰ ਬਾਦਲ ਜਲਾਲਾਬਾਦ ਅਤੇ ਲੰਬੀ ਦੋ ਹਲਕਿਆਂ ਤੋਂ ਲੜਨਗੇ ਸੂਬਾਈ ਚੋਣ
ਮੰਡੀ ਘੁਬਾਇਆ/ਜਲਾਲਾਬਾਦ (ਕੁਲਦੀਪ ਸਿੰਘ ਬਰਾੜ/ਚੰਦਰ ਪ੍ਰਕਾਸ਼ ਕਾਲੜਾ): ਮੰਡੀ ਘੁਬਾਇਆ ਪਾਵਰ ਗਰਿੱਡ ਅੱਗੇ ਰੋਸ ਧਰਨੇ ਨੂੰ ਸੰਬੋਧਨ ਕਰਦਿਆਂ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਬਿਜਲੀ ਵਿਭਾਗ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕੋਲ ਹੋਣ ਦੇ ਬਾਵਜੂਦ ਵੀ ਉਨ੍ਹਾਂ ਨੇ ਇੱਕ ਵਾਰ ਵੀ ਕਿਸੇ ਉੱਚ ਅਧਿਕਾਰੀ ਨਾਲ ਕੋਈ ਮੀਟਿੰਗ ਨਹੀਂ ਕੀਤੀ ਹੈ, ਸਿਰਫ਼ ਘਰ ਬੈਠ ਕੇ ਲੋਕਾਂ ਨੂੰ ਏਸੀ ਬੰਦ ਕਰਨ ਦੇ ਹੁਕਮ ਜਾਰੀ ਕੀਤੇ ਹਨ। ਸੁਖਬੀਰ ਨੇ ਕਿਹਾ ਕਿ ਜਿਸ ਤਰ੍ਹਾਂ ਅਕਾਲੀ ਦਲ ਦੀ ਸਰਕਾਰ ਵੇਲੇ ਬਿਨਾਂ ਨੰਬਰ ਪਲੇਟਾਂ ਦੇ ਮੋਟਰਸਾਈਕਲਾਂ ਨੂੰ ਕੋਈ ਨਹੀਂ ਪੁੱਛ ਰਿਹਾ ਸੀ, ਉਸੇ ਤਰ੍ਹਾਂ ਸੂਬੇ ਵਿੱਚ ਪਾਰਟੀ ਦੀ ਮੁੜ ਸਰਕਾਰ ਆਉਣ ’ਤੇ ਬਿਜਲੀ ਦੇ ਬਿੱਲਾਂ ਨੂੰ ਵੀ ਨਹੀਂ ਪੁੱਛਿਆ ਜਾਵੇਗਾ। ਅੰਤ ’ਚ ਸੁਖਬੀਰ ਨੇ ਇਕ ਵਾਰ ਫਿਰ ਜਲਾਲਾਬਾਦ ਤੋਂ ਚੋਣ ਲੜਣ ਦੀ ਗੱਲ ਕਹੀ ਤੇ ਨਾਲ ਹੀ ਕਿਹਾ ਕਿ ਉਹ ਸਿਰਫ ਜਲਾਲਾਬਾਦ ’ਚ ਕਾਗ਼ਜ਼ ਦਾਖਲ ਕਰਨ ਲਈ ਆਉਣਗੇ ਅਤੇ ਚੋਣ ਦੀ ਕਮਾਨ ਇਥੋਂ ਦੇ ਵਰਕਰ ਹੀ ਸੰਭਾਲਣਗੇ ਅਤੇ ਉਹ ਪੂਰੇ ਪੰਜਾਬ ’ਚ ਚੋਣ ਪ੍ਰਚਾਰ ਕਰਨਗੇ। ਇਸੇ ਦੌਰਾਨ ਸੁਖਬੀਰ ਨੇ ਧਰਨੇ ’ਚ ਸ਼ਾਮਲ ਲੋਕਾਂ ਨੂੰ ਪੱਖੀਆਂ ਵੀ ਵੰਡੀਆਂ।
ਲੰਬੀ (ਇਕਬਾਲ ਸਿੰਘ ਸ਼ਾਂਤ): ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਇੱਥੇ ਮਾੜੀ ਅਕਾਲੀ ਦਲ ਵੱਲੋਂ ਪਾਵਰਕੌਮ ਦਫ਼ਤਰ ਦਿੱਤੇ ਗਏ ਧਰਨੇ ਨੂੰ ਸੰਬੋਧਨ ਕਰਦਿਆਂ ਹਲਕਾ ਲੰਬੀ ਤੋਂ ਚੋਣ ਲੜਨ ਦੇ ਐਲਾਨ ਨਾਲ ਉਨ੍ਹਾਂ ਦੇ ਜਲਾਲਾਬਾਦ ਅਤੇ ਲੰਬੀ ਦੋ ਹਲਕਿਆਂ ਤੋਂ ਸੂਬਾਈ ਚੋਣ ਲੜਨਾ ਯਕੀਨੀ ਹੋ ਗਿਆ ਹੈ। ਸੁਖਬੀਰ ਸਿੰਘ ਬਾਦਲ ਨੇ ਵਰਕਰਾਂ ਨੂੰ ਅਪੀਲ ਕੀਤੀ ਕਿ ‘ਆਹ ਲੜਾਈ ਤੁਹਾਨੂੰ ਲੜਨੀ ਪੈਣੀ ਐ। ਲੰਬੀ ਵਾਲਿਓ, ਮੇਰੀ ਲੜਾਈ। ਸਾਰੇ ਪੰਜਾਬ ’ਚ ਜਾਣ ਲਈ ਹੁਣ ਛੇ ਮਹੀਨੇ ਤਾਂ ਮੈਂ ਗੱਡੀ ’ਚ ਰੱਖ ਲਏ ਬਿਸਤਰੇ। ਘੱਟੋ-ਘੱਟ 40 ਹਜ਼ਾਰ ਦੀ ਲੀਡ ਹੋਣੀ ਚਾਹੀਦੀ ਹੈ। ਹੁਣ ਤੁਸੀਂ ਘਰ-ਘਰ ਜਾਣਾ ਹੈ।’
ਬਠਿੰਡਾ ਤੋਂ ਸਿੰਗਲਾ ਹੋਣਗੇ ਅਕਾਲੀ ਦਲ ਦੇ ਉਮੀਦਵਾਰ
ਬਠਿੰਡਾ: ਹਰਸਿਮਰਤ ਕੌਰ ਬਾਦਲ ਨੇ ਕਿਹਾ, ‘ਜਿਸ ਤਰ੍ਹਾਂ ਤੁਸੀਂ ਮੈਨੂੰ ਬਠਿੰਡਾ ਤੋਂ ਜਿਤਾਇਆ ਹੈ, ਉਸ ਤੋਂ ਵੱਧ ਵੋਟਾਂ ਨਾਲ ਸ਼ਾਂਤ ਸੁਭਾਅ ਵਾਲੇ ਸਰੂਪ ਚੰਦ ਸਿੰਗਲਾ ਨੂੰ ਜਿਤਾਓ ਕਿਉਂਕਿ ਜਿਸ ਤਰ੍ਹਾਂ ਸਿੰਗਲਾ ਦਾ ਖੂਨ ਖੌਲਿਆ ਹੈ, ਉਸ ਤੋਂ ਪਤਾ ਲੱਗਦਾ ਹੈ ਕਿ ਬਠਿੰਡਾ ਵਾਸੀਆਂ ਵਿੱਚ ਕਿੰਨਾ ਗੁੱਸਾ ਹੈ।’’ ਉਨ੍ਹਾਂ ਕਿਹਾ, ‘ਜਿੰਨੇ ਖੁੱਲ੍ਹੇ ਦਿਲ ਵਾਲੇ ਸਿੰਗਲਾ ਹਨ, ਓਨੀ ਹੀ ਮਨਪ੍ਰੀਤ ਸਿੰਘ ਬਾਦਲ ਦੀ ਸੋਚ ਮਾੜੀ ਹੈ। ਇਸ ਲਈ ਸਰੂਪ ਚੰਦ ਸਿੰਗਲਾ ਦਾ ਨਾਮ ਬਦਲ ਕੇ ਸਰੂਪ ਸਿੰਘ ਬਾਦਲ ਕਰ ਦੇਣਾ ਚਾਹੀਦਾ ਹੈ।’ ਸਰੂਪ ਚੰਦ ਸਿੰਗਲਾ ਨੇ ਹਰਸਿਮਰਤ ਕੌਰ ਬਾਦਲ ਦੌਰੇ ਮਗਰੋਂ ਮੀਡੀਆ ਨੂੰ ਪ੍ਰੈੱਸ ਨੋਟ ਜਾਰੀ ਕਰਦਿਆਂ ਬਠਿੰਡਾ ਤੋਂ ਆਪਣੀ ਟਿਕਟ ਪੱਕੀ ਹੋਣ ’ਤੇ ਖੁਸ਼ੀ ਸਾਂਝੀ ਕੀਤੀ। ਇਸ ਐਲਾਨ ਮਗਰੋਂ ਸ਼੍ਰੋਮਣੀ ਅਕਾਲੀ ਦਲ ਦੀ ਬਠਿੰਡਾ ਤੋਂ ਟਿਕਟ ਲੈਣ ਦੇ ਚਾਹਵਾਨ ਹੱਕੇ-ਬੱਕੇ ਰਹਿ ਗਏ।