ਐੱਨਪੀ ਧਵਨ
ਪਠਾਨਕੋਟ, 3 ਜੁਲਾਈ
ਮਰੂਤੀ ਕਾਰਾਂ ਦੀ ਵਹੀਕਲਏਡ ਕੰਪਨੀ ਦੇ 600 ਮੁਲਾਜ਼ਮਾਂ ਵੱਲੋਂ ਸ਼ੁਰੂ ਕੀਤਾ ਗਿਆ ਸੰਘਰਸ਼ ਅੱਜ ਤੀਸਰੇ ਦਿਨ ਵਿੱਚ ਦਾਖਲ ਹੋ ਗਿਆ। ਅੱਜ ਸਮੂਹ ਮੁਲਾਜ਼ਮਾਂ ਨੇ ਸ਼ੋਅਰੂਮ ਦੇ ਬਾਹਰ ਧਰਨਾ ਦੇ ਕੇ ਮੈਨੇਜਮੈਂਟ ਖਿਲਾਫ ਪ੍ਰਦਰਸ਼ਨ ਕੀਤਾ। ਪ੍ਰਦਰਸ਼ਨਕਾਰੀਆਂ ਵਿੱਚ ਰਾਹੁਲ, ਸੋਹਨ ਸਿੰਘ, ਮੁਨੀਸ਼ ਸ਼ਰਮਾ, ਯੋਗੇਸ਼ਵਰ, ਅਮਿਤ ਸਲਗੋਤਰਾ, ਅਨਿਲ ਜਮਵਾਲ, ਤਰਸੇਮ, ਹਰਦੀਪ ਸਿੰਘ ਆਦਿ ਸ਼ਾਮਲ ਸਨ। ਮੁਲਾਜ਼ਮਾਂ ਨੇ ਕਿਹਾ ਕਿ ਸਮੂਹ ਮੁਲਾਜ਼ਮ ਕੋਵਿਡ ਦੇ ਬਾਵਜੂਦ ਪਿਛਲੇ ਡੇਢ ਸਾਲ ਤੋਂ ਕੰਪਨੀ ਨੂੰ ਪੂਰਾ ਸਹਿਯੋਗ ਦੇ ਰਹੇ ਹਨ ਪਰ ਕੰਪਨੀ ਨਾ ਤਾਂ ਉਨ੍ਹਾਂ ਨੂੰ ਪੂਰੀ ਤਨਖਾਹ ਦੇ ਰਹੀ ਹੈ ਅਤੇ ਨਾ ਹੀ ਇਨਸੈਂਟਿਵ ਦੇ ਰਹੀ ਹੈ। 10 ਸਾਲ ਤੋਂ ਲੱਗੇ ਮੁਲਾਜ਼ਮਾਂ ਨੂੰ ਤਨਖਾਹ ਮਹਿਜ 10 ਤੋਂ 12 ਹਜ਼ਾਰ ਰੁਪਏ ਦਿੱਤੀ ਜਾਂਦੀ ਹੈ। ਉਨ੍ਹਾਂ ਮੰਗ ਕੀਤੀ ਕਿ ਮੁੱਢਲੀ ਤਨਖਾਹ 18 ਹਜ਼ਾਰ ਕੀਤੀ ਜਾਵੇ, ਇਨਸੈਂਟਿਵ ਸਮੇਂ ਤੇ ਦਿੱਤਾ ਜਾਵੇ, ਸਫਰੀ ਭੱਤਾ ਵਧਾਇਆ ਜਾਵੇ, ਈਪੀਐਫ ਤਨਖਾਹ ਦੇ ਮੁਤਾਬਕ ਕੱਟਿਆ ਜਾਵੇ ਅਤੇ ਤਨਖਾਹ ਪ੍ਰੋਡਕਟੀਵਿਟੀ ਉਪਰ ਨਿਰਭਰ ਨਾ ਕੀਤੀ ਜਾਵੇ। ਕੰਪਨੀ ਦੇ ਚੀਫ ਜਨਰਲ ਮੈਨੇਜਰ ਰਾਜ ਕੁਮਾਰ ਨੇ ਕਿਹਾ ਕਿ ਮੁਲਾਜ਼ਮਾਂ ਨਾਲ ਗੱਲ ਕੀਤੀ ਜਾ ਰਹੀ ਹੈ ਤੇ ਜਲਦੀ ਹੀ ਮਸਲੇ ਨੂੰ ਸੁਲਝਾ ਲਿਆ ਜਾਵੇਗਾ। ਇਸੇ ਦੌਰਾਨ ਕਾਂਗਰਸ ਪਾਰਟੀ ਦੇ ਆਗੂ ਠਾਕੁਰ ਅਮਿਤ ਸਿੰਘ ਮੰਟੂ ਧਰਨਾਕਾਰੀਆਂ ਦੇ ਕੈਂਪ ਵਿੱਚ ਗਏ ਅਤੇ ਉਨ੍ਹਾਂ ਧਰਨਾਕਾਰੀਆਂ ਨੂੰ ਹਰ ਤਰ੍ਹਾਂ ਦਾ ਸਹਿਯੋਗ ਦੇਣ ਦਾ ਭਰੋਸਾ ਦਿੱਤਾ।
ਗੁਰਦਾਸਪੁਰ (ਜਤਿੰਦਰ ਬੈਂਸ): ਮਾਰੂਤੀ ਵਹੀਕਲਏਡ ਪਠਾਨਕੋਟ ਦੀ ਜੀਵਨਵਾਨ ਬੱਬਰੀ (ਗੁਰਦਾਸਪੁਰ) ਸ਼ਾਖਾ ਵਿਖੇ ਕੰਮ ਕਰਦੇ ਵਰਕਰਾਂ ਨੇ ਹੜਤਾਲ ਕਰਕੇ ਇੰਡੀਅਨ ਫੈਡਰੇਸ਼ਨ ਆਫ ਟਰੇਡ ਯੂਨੀਅਨ (ਇਫਟੂ) ਦੀ ਅਗਵਾਈ ਹੇਠ ਕੰਪਨੀ ਪ੍ਰਬੰਧਕਾਂ ਖਿਲਾਫ਼ ਰੋਸ ਧਰਨਾ ਦਿੱਤਾ। ਵਰਕਰ ਆਗੂ ਪ੍ਰਦੀਪ ਕੁਮਾਰ ਤੇ ਹਰਜੀਤ ਸਿੰਘ ਨੇ ਦੋੋਸ਼ ਲਾਇਆ ਕਿ ਕੰਪਨੀ ਵਰਕਰਾਂ ਨੂੰ ਕਿਰਤ ਕਾਨੂੰਨ ਦੇ ਹਿਸਾਬ ਨਾਲ ਤਨਖਾਹ ਨਹੀਂ ਦੇ ਰਹੀ ਹੈ। ਉਨ੍ਹਾਂ ਚਿਤਾਵਨੀ ਦਿੱਤੀ ਕਿ ਕੰਪਨੀ ਪ੍ਰਬੰਧਕਾਂ ਦੇ ਧਿਆਨ ਵਿੱਚ ਲਿਆ ਦਿੱਤਾ ਗਿਆ ਹੈ ਤੇ ਜਦੋਂ ਤੱਕ ਵਰਕਰਾਂ ਦੀਆਂ ਜਾਇਜ਼ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਹਨ ਧਰਨਾ ਜਾਰੀ ਰਹੇਗਾ।