ਪੱਤਰ ਪ੍ਰੇਰਕ
ਗੁਰਦਾਸਪੁਰ, 3 ਜੁਲਾਈ
ਕਿਸਾਨੀ ਸੰਘਰਸ਼ ’ਚੋਂ ਬਿਮਾਰ ਹੋ ਕੇ ਪਰਤੇ ਬਊਪੁਰ ਦੇ ਕਿਸਾਨ ਬਖਸ਼ੀਸ਼ ਸਿੰਘ (60) ਦੀ ਅੱਜ ਮੌਤ ਹੋ ਗਈ। ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਜ਼ੋਨ ਤੇਜਾ ਸਿੰਘ ਸੁਤੰਤਰ ਦਾ ਸਰਗਰਮ ਆਗੂ ਬਖਸ਼ੀਸ਼ ਸਿੰਘ ਕਰੀਬ ਮਹੀਨਾ ਪਹਿਲਾਂ ਦਿੱਲੀ ਸੰਘਰਸ਼ ਵਿੱਚ ਹਿੱਸਾ ਲੈਣ ਗਿਆ ਸੀ। ਬੀਤੇ ਦਿਨੀਂ ਸਿਹਤ ਵਿਗੜਨ ਕਾਰਨ ਉਸ ਨੂੰ ਅੰਮ੍ਰਿਤਸਰ ਦੇ ਇੱਕ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ, ਜਿੱਥੇ ਅੱਜ ਉਸ ਦੀ ਮੌਤ ਹੋ ਗਈ। ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਆਗੂਆਂ ਨੇ ਮ੍ਰਿਤਕ ਦੀ ਦੇਹ ’ਤੇ ਜਥੇਬੰਦੀ ਦਾ ਝੰਡਾ ਪਾ ਕੇ ਸਸਕਾਰ ਕਰ ਦਿੱਤਾ। ਉਨ੍ਹਾਂ ਪਰਿਵਾਰ ਦੀ ਵਿੱਤੀ ਸਹਾਇਤਾ ਕਰਨ ਦੀ ਮੰਗ ਕੀਤੀ ਹੈ।
ਟੱਲੇਵਾਲ (ਪੱਤਰ ਪ੍ਰੇਰਕ): ਕਿਸਾਨੀ ਸੰਘਰਸ਼ ਵਿੱਚ ਸਰਗਰਮ ਭੂਮਿਕਾ ਨਿਭਾਉਣ ਵਾਲੇ ਪਿੰਡ ਗਹਿਲ ਦੇ ਕਿਸਾਨ ਰੂਪ ਸਿੰਘ (70) ਦੀ ਸੰਖੇਪ ਬਿਮਾਰੀ ਪਿੱਛੋਂ ਅੱਜ ਮੌਤ ਹੋ ਗਈ। ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦਾ ਸਰਗਰਮ ਵਰਕਰ ਰੂਪ ਸਿੰਘ ਲੰਮੇ ਸਮੇਂ ਤੋਂ ਦਿੱਲੀ ਮੋਰਚੇ ਵਿੱਚ ਹਾਜ਼ਰ ਸੀ। ਉੱਥੇ ਉਸ ਦੀ ਸਿਹਤ ਵਿਗੜਨ ਕਾਰਨ ਉਸ ਨੂੰ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ, ਜਿੱਥੇ ਉਸ ਦੀ ਮੌਤ ਹੋ ਗਈ। ਜਥੇਬੰਦੀ ਦੇ ਬਲਾਕ ਪ੍ਰਧਾਨ ਜੱਜ ਸਿੰਘ ਗਹਿਲ ਦੀ ਅਗਵਾਈ ਵਿੱਚ ਅੱਜ ਰੂਪ ਸਿੰਘ ਦੀ ਦੇਹ ’ਤੇ ਕਿਸਾਨੀ ਝੰਡਾ ਪਾ ਕੇ ਸਸਕਾਰ ਕਰ ਦਿੱਤਾ ਗਿਆ। ਕਿਸਾਨ ਜਥੇਬੰਦੀ ਨੇ ਮ੍ਰਿਤਕ ਦੇ ਪਰਿਵਾਰ ਲਈ ਮੁਆਵਜ਼ਾ, ਇੱਕ ਪਰਿਵਾਰਕ ਮੈਂਬਰ ਨੂੰ ਸਰਕਾਰੀ ਨੌਕਰੀ ਦੇਣ ਅਤੇ ਸਾਰਾ ਕਰਜ਼ਾ ਮੁਆਫ਼ ਕਰਨ ਦੀ ਮੰਗ ਕੀਤੀ ਹੈ।