ਜਸਵੰਤ ਜੱਸ
ਫ਼ਰੀਦਕੋਟ, 3 ਜੁਲਾਈ
ਮੁੱਦਕੀ ਮਾਈਨਰ ਵਿੱਚ ਅੱਜ 50 ਫੁੱਟ ਦਾ ਪਾੜ ਪੈਣ ਕਾਰਨ ਇਸ ਦੇ ਨਾਲ ਲੱਗਦੀ ਸੈਂਕੜੇ ਏਕੜ ਫਸਲ ਡੁੱਬਣ ਦੀ ਸੂਚਨਾ ਹੈ। ਦੇਰ ਸ਼ਾਮ ਮੁੱਦਕੀ ਮਾਈਨਰ ਬੁਰਜੀ ਨੰਬਰ 900 ਕੋਲੋਂ ਟੁੱਟ ਗਈ। ਇਹ ਮਾਈਨਰ ਸਰਹੰਦ ਫੀਡਰ ਵਿੱਚੋਂ ਨਿਕਲਦੀ ਹੈ ਅਤੇ ਝੋਨੇ ਦੀ ਬਿਜਾਈ ਨੂੰ ਦੇਖਦਿਆਂ ਨਹਿਰੀ ਵਿਭਾਗ ਨੇ ਇਸ ਮਾਈਨਰ ਵਿੱਚ ਵਾਧੂ ਪਾਣੀ ਛੱਡਿਆ ਹੋਇਆ ਸੀ। ਪਾਣੀ ਦੇ ਤੇਜ਼ ਵਹਾਅ ਕਾਰਨ ਮਾਈਨਰ ਵਿੱਚ 50 ਫੁੱਟ ਚੌੜਾ ਪਾੜ ਪੈ ਗਿਆ। ਡਿਪਟੀ ਕਮਿਸ਼ਨਰ ਵਿਮਲ ਕੁਮਾਰ ਸੇਤੀਆ ਨੇ ਕਿਹਾ ਕਿ ਨਹਿਰੀ ਵਿਭਾਗ ਦੇ ਅਧਿਕਾਰੀਆਂ ਨੂੰ ਆਦੇਸ਼ ਦਿੱਤਾ ਗਿਆ ਹੈ ਕਿ ਉਹ ਬਿਨਾਂ ਦੇਰੀ ਮਾਈਨਰ ਨੂੰ ਮੁੜ ਚਾਲੂ ਕਰਨ ਤਾਂ ਜੋ ਇਲਾਕੇ ਵਿਚ ਝੋਨੇ ਦੀ ਬਿਜਾਈ ਪ੍ਰਭਾਵਿਤ ਨਾ ਹੋਵੇ।
ਕਿਸਾਨ ਸਰਦੂਲ ਸਿੰਘ ਨੇ ਕਿਹਾ ਕਿ ਮੁਦਕੀ ਮਾਈਨਰ ਟੁੱਟਣ ਨਾਲ ਖਾਲੀ ਖੇਤਾਂ ਵਿੱਚ ਪਾਣੀ ਭਰ ਗਿਆ ਹੈ ਜਿਸ ਨਾਲ ਝੋਨੇ ਦੀ ਬਿਜਾਈ ਪੱਛੜ ਸਕਦੀ ਹੈ। ਇਸ ਤੋਂ ਇਲਾਵਾ ਪਨੀਰੀ ਅਤੇ ਹਰੇ ਚਾਰੇ ਵਾਲੇ ਖੇਤ ਵੀ ਪਾਣੀ ਨਾਲ ਲੋੜ ਤੋਂ ਵੱਧ ਭਰ ਗਏ ਹਨ ਅਤੇ ਜੇਕਰ ਇਹ ਪਾਣੀ ਜਲਦ ਖੇਤਾਂ ਵਿੱਚੋਂ ਨਾ ਕੱਢਿਆ ਗਿਆ ਤਾਂ ਪਨੀਰੀ ਅਤੇ ਚਾਰੇ ਦੀ ਫਸਲ ਬੁਰੀ ਤਰ੍ਹਾਂ ਪ੍ਰਭਾਵਿਤ ਹੋਵੇਗੀ। ਨਹਿਰੀ ਵਿਭਾਗ ਦੇ ਅਧਿਕਾਰੀਆਂ ਨੇ ਦੱਸਿਆ ਕਿ ਮਾਈਨਰ ਵਿੱਚ ਪਾੜ ਪੈਣ ਕਾਰਨ ਇੱਕ ਵਾਰ ਮਾਈਨਰ ਦਾ ਪਾਣੀ ਬੰਦ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਮੁਰੰਮਤ ਤੋਂ ਤੁਰੰਤ ਬਾਅਦ ਮਾਈਨਰ ਵਿੱਚ ਪਾਣੀ ਫਿਰ ਛੱਡ ਦਿੱਤਾ ਜਾਵੇਗਾ ਅਤੇ ਝੋਨੇ ਦੀ ਬਿਜਾਈ ਨੂੰ ਪ੍ਰਭਾਵਿਤ ਨਹੀਂ ਹੋਣ ਦਿਆਂਗੇ।