ਜਗਜੀਤ ਸਿੰਘ/ਦੀਪਕ ਠਾਕੁਰ
ਮੁਕੇਰੀਆਂ/ਤਲਵਾੜਾ, 3 ਜੁਲਾਈ
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਕਸਬਾ ਹਾਜੀਪੁਰ ਤੇ ਤਲਵਾੜਾ ਦੇ ਮਾਈਨਿੰਗ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕੀਤਾ। ਉਹ ਮੁਕੇਰੀਆਂ ਹਲਕੇ ਦੇ ਪਿੰਡ ਧਾਮੀਆਂ ਅਤੇ ਕੁੱਲੀਆਂ ਲੁਬਾਣਾ ਨੇੜੇ ਕਰੱਸ਼ਰਾਂ ਵੱਲੋਂ 100 ਫੁੱਟ ਤੋਂ ਵੱਧ ਦੀ ਕੀਤੀ ਗਈ ਪੁਟਾਈ ਵਾਲੇ ਇਲਾਕੇ ਵਿੱਚ ਗਏ ਅਤੇ ਸਥਾਨਕ ਲੋਕਾਂ ਦੀਆਂ ਮੁਸ਼ਕਲਾਂ ਸੁਣੀਆਂ। ਉਨ੍ਹਾਂ ਦੀ ਆਮਦ ਦਾ ਪਤਾ ਲੱਗਦਿਆਂ ਹੀ ਦਿਨ-ਰਾਤ ਚੱਲਣ ਵਾਲੇ ਕਰੱਸ਼ਰ ਬੰਦ ਹੋ ਗਏ ਅਤੇ ਰੇਤਾ-ਬੱਜਰੀ ਲੈਣ ਆਈਆਂ ਗੱਡੀਆਂ ਗਾਇਬ ਹੋ ਗਈਆਂ।
ਇਸ ਮੌਕੇ ਸੁਖਬੀਰ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਕਿਹਾ ਕਿ ਉਹ ਵਿਧਾਇਕਾਂ, ਜ਼ਿਲ੍ਹਾ ਪੁਲੀਸ ਮੁਖੀ, ਡੀਐੱਸਪੀ ਅਤੇ ਮਾਈਨਿੰਗ ਅਧਿਕਾਰੀਆਂ ਦੀ ਕਥਿਤ ਮਿਲੀਭੁਗਤ ਨਾਲ ਇਲਾਕੇ ਵਿੱਚ ਹੋ ਰਹੀ ਨਾਜਾਇਜ਼ ਮਾਈਨਿੰਗ ਵੱਲ ਧਿਆਨ ਦੇਣ ਅਤੇ ਤਬਾਹ ਹੁੰਦੇ ਜਾ ਰਹੇ ਇਲਾਕੇ ਦੇ ਲੋਕਾਂ ਦੀਆਂ ਸਮੱਸਿਆਵਾਂ ਸੁਣਨ। ਉਨ੍ਹਾਂ ਦੋਸ਼ ਲਾਇਆ ਕਿ ਮੁਕੇਰੀਆਂ ਦਾ ਡੀਐੱਸਪੀ ਕਰੀਬ ਸਾਢੇ ਚਾਰ ਸਾਲ ਤੋਂ ਇੱਕ ਥਾਂ ਹੀ ਟਿਕਿਆ ਹੋਇਆ ਹੈ ਅਤੇ ਨਾਜਾਇਜ਼ ਖਣਨ ਸਬੰਧੀ ਉਸ ਨੇ ਕਦੇ ਵੀ ਕਾਰਵਾਈ ਨਹੀਂ ਕੀਤੀ। ਇੱਥੇ 16,000 ਰੁਪਏ ਪ੍ਰਤੀ ਟਰੱਕ ਗੁੰਡਾ ਟੈਕਸ ਵਸੂਲਿਆ ਜਾ ਰਿਹਾ ਹੈ। ਜੇ ਕੋਈ ਵਿਰੋਧ ਕਰਦਾ ਹੈ ਤਾਂ ਮਾਈਨਿੰਗ ਮਾਫੀਆ ਵੱਲੋਂ ਉਨ੍ਹਾਂ ਨੂੰ ਧਮਕਾਇਆ ਜਾਂਦਾ ਹੈ।
ਉਨ੍ਹਾਂ ਕਿਹਾ ਕਿ ਨਿਯਮਾਂ ਅਨੁਸਾਰ 10 ਫੁੱਟ ਤੋਂ ਵੱਧ ਪੁਟਾਈ ਨਹੀਂ ਕੀਤੀ ਜਾ ਸਕਦੀ ਪਰ ਇੱਥੇ ਹੋਈ 200 ਫੁੱਟ ਤੱਕ ਪੁਟਾਈ ਵੱਲ ਅਫਸਰਸ਼ਾਹੀ ਨੇ ਕਦੇ ਧਿਆਨ ਨਹੀਂ ਦਿੱਤਾ। ਨਾਜਾਇਜ਼ ਖਣਨ ਕਾਰਨ ਇਲਾਕੇ ਦੇ 10 ਪਿੰਡ ਤਬਾਹ ਹੋ ਚੁੱਕੇ ਹਨ ਅਤੇ ਸਿੰਚਾਈ ਨਹਿਰ ਵਿੱਚ ਵੀ ਪਾੜ ਪੈ ਚੁੱਕਾ ਹੈ। ਇਸ ਮੌਕੇ ਸਾਬਕਾ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ, ਸਰਬਜੋਤ ਸਾਬੀ, ਪੰਜਾਬ ਰਾਜ ਮੁਲਾਜ਼ਮ ਦਲ ਦੇ ਪ੍ਰਧਾਨ ਈਸ਼ਰ ਸਿੰਘ ਮੰਝਪੁਰ, ਜਥੇਦਾਰ ਕਿਰਪਾਲ ਸਿੰਘ ਗੇਰਾ ਤੇ ਹੋਰ ਹਾਜ਼ਰ ਸਨ।
ਸੰਘਰਸ਼ ਕਮੇਟੀ ਵੱਲੋਂ ਸੁਖਬੀਰ ਦਾ ਦੌਰਾ ਸਿਆਸੀ ਸਟੰਟ ਕਰਾਰ
ਖਣਨ ਰੋਕੋ ਜ਼ਮੀਨ ਬਚਾਓ ਸੰਘਰਸ਼ ਕਮੇਟੀ ਹਾਜੀਪੁਰ ਨੇ ਸੁਖਬੀਰ ਬਾਦਲ ਦੇ ਦੌਰੇ ਨੂੰ ਮਹਿਜ਼ ਸਿਆਸੀ ਸਟੰਟ ਕਰਾਰ ਦਿੱਤਾ ਹੈ। ਸੰਘਰਸ਼ ਕਮੇਟੀ ਦੇ ਜਨਰਲ ਸਕੱਤਰ ਧਰਮਿੰਦਰ ਸਿੰਬਲੀ ਅਤੇ ਸਲਾਹਕਾਰ ਸ਼ਿਵ ਕੁਮਾਰ ਨੇ ਕਿਹਾ ਕਿ ਹਾਜੀਪੁਰ ਅਤੇ ਤਲਵਾੜਾ ਵਿੱਚ ਹੋ ਰਹੀ ਮਾਈਨਿੰਗ ਅਕਾਲੀ-ਭਾਜਪਾ ਸਰਕਾਰ ਦੀ ਹੀ ਦੇਣ ਹੈ। 2015 ਵਿੱਚ ਲੋਕ ਰੋਹ ਨੂੰ ਦਬਾਉਣ ਲਈ ਅਕਾਲੀ ਸਰਕਾਰ ਨੇ ਸੰਘਰਸ਼ ਕਮੇਟੀ ਦੇ ਆਗੂਆਂ ’ਤੇ ਝੂਠੇ ਪਰਚੇ ਦਰਜ ਕਰਵਾਏ ਸਨ।