ਆਤਿਸ਼ ਗੁਪਤਾ
ਚੰਡੀਗੜ੍ਹ, 3 ਜੁਲਾਈ
ਹਰਿਆਣਾ ਵਿੱਚ ਕਿਸਾਨ ਜਥੇਬੰਦੀਆਂ ਵੱਲੋਂ ਭਾਜਪਾ ਤੇ ਜੇਜੇਪੀ ਆਗੂਆਂ ਦਾ ਪਹਿਲਾਂ ਹੀ ਵਿਰੋਧ ਕੀਤਾ ਜਾ ਰਿਹਾ ਹੈ। ਅੱਜ ਮੁੱਖ ਮੰਤਰੀ ਦੇ ਹਲਕੇ ਕਰਨਾਲ ਵਿੱਚ ਕਿਸਾਨਾਂ ਨੇ ਭਾਜਪਾ ਦੇ ਝੰਡਿਆਂ ਦਾ ਵਿਰੋਧ ਕੀਤਾ। ਹਰਿਆਣਾ ਵਿੱਚ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਦੇ ਦੌਰੇ ਤੋਂ ਪਹਿਲਾਂ ਖੰਡਾ ਚੌਕ ਵਿੱਚ ਲਾਏ ਭਾਜਪਾ ਦੇ ਝੰਡਿਆਂ ਨੂੰ ਕਿਸਾਨ ਜਥੇਬੰਦੀਆਂ ਦੇ ਆਗੂਆਂ ਨੇ ਉਤਾਰ ਕੇ ਤਿਰੰਗੇ ਝੰਡੇ ਲਗਾ ਦਿੱਤੇ। ਪੁਲੀਸ ਨੇ ਕਿਸਾਨਾਂ ਨੂੰ ਰੋਕਣ ਦੀ ਕੋਸ਼ਿਸ਼ ਵੀ ਕੀਤੀ ਅਤੇ ਦੋ ਕਿਸਾਨਾਂ ਨੂੰ ਹਿਰਾਸਤ ਵਿੱਚ ਲੈ ਲਿਆ ਜਿਨ੍ਹਾਂ ਨੂੰ ਬਾਅਦ ਵਿੱਚ ਛੱਡ ਦਿੱਤਾ ਗਿਆ।
ਪ੍ਰਾਪਤ ਜਾਣਕਾਰੀ ਅਨੁਸਾਰ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਕਰਨਾਲ ਵਿੱਚ ਜ਼ਿਲ੍ਹਾ ਕਾਰਜਕਰਨੀ ਕਮੇਟੀ ਦੀ ਮੀਟਿੰਗ ਸਣੇ ਹੋਰਨਾਂ ਸਮਾਗਮਾਂ ਵਿੱਚ ਸ਼ਾਮਲ ਹੋਣ ਲਈ ਪਹੁੰਚਣਾ ਸੀ। ਜਿਨ੍ਹਾਂ ਦੇ ਕਰਨਾਲ ਵਿੱਚ ਆਉਣ ਦੀ ਕਿਸਾਨ ਆਗੂਆਂ ਨੂੰ ਭਿਣਕ ਨਹੀਂ ਸੀ। ਪਰ ਮੁੱਖ ਮੰਤਰੀ ਦੇ ਦੌਰੇ ਤੋਂ ਪਹਿਲਾਂ ਖੰਡਾ ਚੌਕ ਸਣੇ ਵੱਖ-ਵੱਖ ਸੜਕਾਂ ’ਤੇ ਭਾਜਪਾ ਦੇ ਝੰਡੇ ਲਗਾਏ ਗਏ। ਇਸੇ ਦੌਰਾਨ ਮੁਹਾਲੀ ਤੋਂ ਦਿੱਲੀ ਲਈ ਚੱਲੇ ਗੁਰਨਾਮ ਸਿੰਘ ਚੜੂਨੀ ਦੀ ਅਗਵਾਈ ਵਾਲੇ ਕਾਫ਼ਲੇ ਦੇ ਸਵਾਗਤ ਲਈ ਪਹੁੰਚੇ ਕਿਸਾਨ ਆਗੂਆਂ ਨੇ ਭਾਜਪਾ ਦੇ ਝੰਡਿਆਂ ਦਾ ਵਿਰੋਧ ਕੀਤਾ।
ਕਿਸਾਨਾਂ ਦੇ ਵਿਰੋਧ ਦੀ ਜਾਣਕਾਰੀ ਮਿਲਦੇ ਹੀ ਹਰਿਆਣਾ ਪੁਲੀਸ ਨੇ ਕਿਸਾਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਪਰ ਕਿਸਾਨ ਆਗੂਆਂ ਨੇ ਭਾਜਪਾ ਦੇ ਝੰਡਿਆ ਦੀ ਥਾਂ ਤਿਰੰਗੇ ਝੰਡੇ ਫਹਿਰਾ ਦਿੱਤੇ। ਪੁਲੀਸ ਨੇ ਦੋ ਕਿਸਾਨ ਆਗੂਆਂ ਨੂੰ ਹਿਰਾਸਤ ਵਿੱਚ ਲਿਆ ਪਰ ਬਾਅਦ ਵਿੱਚ ਛੱਡ ਦਿੱਤਾ। ਉਸ ਤੋਂ ਬਾਅਦ ਕਿਸਾਨ ਜਥੇਬੰਦੀਆਂ ਦੇ ਆਗੂਆਂ ਨੇ ਬਾਅਦ ਦੁਪਹਿਰ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਦੇ ਕਰਨਾਲ ਦੌਰੇ ਦਾ ਵਿਰੋਧ ਕੀਤਾ। ਪੁਲੀਸ ਨੇ ਇਸ ਮੌਕੇ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਸਨ।
ਆਗੂਆਂ ਨੇ ਕਿਹਾ ਕਿ ਕੇਂਦਰੀ ਖੇਤੀ ਕਾਨੂੰਨਾਂ ਦੇ ਖ਼ਿਲਾਫ਼ ਕਿਸਾਨ ਜਥੇਬੰਦੀਆਂ 7 ਮਹੀਨੇ ਤੋਂ ਸ਼ਾਂਤਮਈ ਢੰਗ ਨਾਲ ਸੰਘਰਸ਼ ਕਰ ਰਹੀਆਂ ਹਨ। ਇਸ ਦੌਰਾਨ ਭਾਜਪਾ ਅਤੇ ਜੇਜੇਪੀ ਆਗੂਆਂ ਦਾ ਸਰਕਾਰੀ ਅਤੇ ਰਾਜਸੀ ਸਮਾਗਮਾਂ ਦਾ ਵਿਰੋਧ ਕੀਤਾ ਜਾ ਰਿਹਾ ਹੈ। ਉਸ ਦੇ ਬਾਵਜੂਦ ਸੱਤਾਧਾਰੀ ਧਿਰਾਂ ਜਾਣਬੁੱਝ ਕੇ ਚੌਕਾਂ ਵਿੱਚ ਪਾਰਟੀ ਦੇ ਝੰਡੇ ਲਾ ਕੇ ਕਿਸਾਨਾਂ ਨੂੰ ਭੜਕਾਉਣ ਦੀਆਂ ਕੋਸ਼ਿਸ਼ਾਂ ਕਰ ਰਹੀਆਂ ਹਨ। ਉਨ੍ਹਾਂ ਕਿਹਾ ਕਿ ਜਦੋਂ ਤੱਕ ਤਿੰਨੋਂ ਖੇਤੀ ਕਾਨੂੰਨ ਰੱਦ ਨਹੀਂ ਹੁੰਦੇ ਸੰਘਰਸ਼ ਜਾਰੀ ਰਹੇਗਾ।