ਪੀ.ਪੀ.ਵਰਮਾ
ਪੰਚਕੁਲਾ, 5 ਜੁਲਾਈ
ਭਾਰਤੀ ਕਿਸਾਨ ਯੂਨੀਅਨ ਦੇ ਸੂਬਾ ਪ੍ਰਧਾਨ ਗੁਰਨਾਮ ਸਿੰਘ ਚੜੂਨੀ ਦੀ ਪ੍ਰਧਾਨਗੀ ਹੇਠ ਕਿਸਾਨ ਵਫਦ ਦੀ ਮੀਟਿੰਗ ਬਿਜਲੀ ਬੋਰਡ ਦੇ ਐੱਮਡੀ ਨਾਲ ਹੋਈ। ਮੀਟਿੰਗ ਵਿੱਚ ਕਿਸਾਨਾਂ ਦੇ ਟਿਊਬਵੈੱਲ ਕੁਨੈਕਸ਼ਨਾਂ ਸਮੇਤ ਕਈ ਮੁੱਦਿਆਂ ’ਤੇ ਵਿਚਾਰ ਵਟਾਂਦਰੇ ਕੀਤੇ ਗਏ। ਕਿਸਾਨਾਂ ਦੇ ਵਫ਼ਦ ਨੇ ਮੰਗ ਕੀਤੀ ਕਿ ਖੇਤਾਂ ਵਿੱਚ ਬਿਜਲੀ ਦੀਆਂ ਐੱਚਟੀ ਲਾਈਨਾਂ ਦੇ ਟਾਵਰ ਲਗਾਉਣ ਮੌਕੇ ਕਾਫ਼ੀ ਜ਼ਮੀਨ ਖਰਾਬ ਹੋ ਜਾਂਦੀ ਹੈ ਤੇ ਜ਼ਮੀਨ ਦੀ ਕੀਮਤ ਵੀ ਘੱਟ ਜਾਂਦੀ ਹੈ। ਲਿਹਾਜ਼ਾ ਜਿਸ ਖੇਤ ਵਿੱਚ ਬਿਜਲੀ ਦਾ ਟਾਵਰ ਲਗਾਇਆ ਗਿਆ ਹੈ, ਉਸ ਕਿਸਾਨ ਨੂੰ 15 ਲੱਖ ਰੁਪਏ ਪ੍ਰਤੀ ਏਕੜ ਮੁਆਵਜ਼ਾ ਦਿੱਤਾ ਜਾਵੇ। ਜਿਸ ਖੇਤ ਉਪਰੋਂ ਐੱਚਟੀ ਲਾਈਨ ਦੀਆਂ ਤਾਰਾਂ ਲੰਘ ਰਹੀਆਂ ਹਨ ਉਨ੍ਹਾਂ ਨੂੰ ਪ੍ਰਤੀ ਏਕੜ 5 ਲੱਖ ਰੁਪਏ ਦਾ ਮੁਆਵਜ਼ਾ ਅਤੇ ਹਰ ਸਾਲ 20 ਹਜ਼ਾਰ ਦਾ ਠੇਕਾ ਦਿੱਤਾ ਜਾਵੇ। ਵਫ਼ਦ ਨੇ ਕਿਹਾ ਕਿ ਇਨ੍ਹਾਂ ਵੱਡੀਆਂ ਲਾਈਨਾਂ ਦੇ ਮੁਆਵਜ਼ੇ ਲਈ ਸਰਕਾਰੀ ਨੀਤੀ ਬਣਾਈ ਜਾਣੀ ਚਾਹੀਦੀ ਹੈ ਤਾਂ ਜੋ ਕਿਸਾਨ ਦੀਆਂ ਜ਼ਮੀਨਾਂ ਦੀਆਂ ਘਟੀਆਂ ਕੀਮਤਾਂ ਅਤੇ ਫਸਲਾਂ ਦੇ ਹੋਏ ਨੁਕਸਾਨ ਦੀ ਭਰਪਾਈ ਕੀਤੀ ਜਾ ਸਕੇ। ਵਫ਼ਦ ਨੇ ਮੰਗ ਕੀਤੀ ਕਿ ਜਿਨ੍ਹਾਂ ਕਿਸਾਨਾਂ ਦੇ ਟਿਊਬਵੈਲ ਕੁਨੈਕਸ਼ਨ 2014 ਤੋਂ ਬਕਾਇਆ ਹਨ, ਨੂੰ ਇਸ ਸੀਜ਼ਨ ਵਿੱਚ ਜਲਦੀ ਚਾਲੂ ਕਰ ਦਿੱਤਾ ਜਾਵੇ।