ਧਰਮਪਾਲ ਸਿੰਘ ਤੂਰ
ਸੰਗਤ ਮੰਡੀ, 4 ਜੁਲਾਈ
ਬਠਿੰਡਾ-ਡੱਬਵਾਲੀ ਸੜਕ ’ਤੇ ਪੈਂਦੇ ਪਿੰਡ ਗਹਿਰੀ ਬੁੱਟਰ ਵਿੱਚ ਜ਼ਮੀਨੀ ਝਗੜੇ ਦੇ ਚੱਲਦਿਆਂ ਪਿੰਡ ਦੇ ਹੀ ਕੁਝ ਵਿਅਕਤੀਆਂ ਵੱਲੋਂ ਬਠਿੰਡਾ ਦੇ ਇੱਕ ਭੱਠਾ ਮਾਲਕ ਨੂੰ ਜਾਨੋਂ ਮਾਰਨ ਦੀ ਨੀਅਤ ਨਾਲ ਰਸਤੇ ਵਿੱਚ ਘੇਰ ਕੇ ਕੁੱਟਮਾਰ ਕਰਨ ਦੇ ਦੋਸ਼ ਲੱਗੇ ਹਨ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪੀੜਤ ਭੱਠਾ ਮਾਲਕ ਧਰਮਪਾਲ ਗਰਗ ਵਾਸੀ ਬਠਿੰਡਾ ਨੇ ਦੱਸਿਆ ਕਿ ਪਿੰਡ ਗਹਿਰੀ ਬੁੱਟਰ ਵਿਖੇ ਜ਼ਮੀਨ ਸਬੰਧੀ ਵਿਵਾਦ ਨੂੰ ਲੈ ਕੇ 29 ਮਈ ਨੂੰ ਪਿੰਡ ਦੇ ਰਹਿਣ ਵਾਲੇ ਮਨਦੀਪ ਸਿੰਘ ਪੁੱਤਰ ਹਰਚੰਦ ਸਿੰਘ, ਸਵਰਨ ਸਿੰਘ ਅਤੇ ਤਰਸੇਮ ਸਿੰਘ ਨੇ ਉਸ ਨੂੰ ਘੇਰ ਕੇ ਇੰਨੀ ਬੁਰੀ ਤਰ੍ਹਾਂ ਕੁੱਟਿਆ ਕਿ ਉਨ੍ਹਾਂ ਦੀ ਇੱਕ ਅੱਖ ਦੀ ਰੋਸ਼ਨੀ ਵੀ ਚਲੀ ਗਈ ਹੈ ਅਤੇ ਸਿਰ ਤੇ 48 ਟਾਂਕੇ ਸਮੇਤ ਕਾਫੀ ਸੱਟਾਂ ਲੱਗੀਆਂ। ਉਨ੍ਹਾਂ ਦੱਸਿਆ ਕਿ ਦੋਸ਼ੀ ਉਸ ਨੂੰ ਮ੍ਰਿਤਕ ਸਮਝ ਕੇ ਸੁੱਟ ਗਏ ਸਨ ਜਿਸ ਤੋਂ ਬਾਅਦ ਪੀੜਤ ਵੱਲੋਂ ਥਾਣਾ ਸੰਗਤ ਵਿਖੇ ਉਕਤ ਵਿਅਕਤੀਆਂ ਵਿਰੁੱਧ ਮਾਮਲਾ ਦਰਜ ਕਰਵਾ ਦਿੱਤਾ ਗਿਆ ਸੀ ਪਰ ਪੁਲੀਸ ਵੱਲੋਂ ਦੋਸ਼ੀਆਂ ਦਾ ਪੱਖ ਪੂਰਨ ਅਤੇ ਉਨ੍ਹਾਂ ਨੂੰ ਗ੍ਰਿਫਤਾਰ ਨਾ ਕਰਨ ਵਿਰੁੱਧ ਪੀੜਤ ਭੱਠਾ ਮਾਲਕ ਨੇ 27 ਜੂਨ ਨੂੰ ਥਾਣਾ ਸੰਗਤ ਅੱਗੇ ਪਰਿਵਾਰ ਸਮੇਤ ਧਰਨਾ ਦਿੱਤਾ ਸੀ ਜਿਸ ’ਤੇ ਥਾਣਾ ਮੁਖੀ ਨੇ ਦੋਸ਼ੀਆਂ ਨੂੰ ਜਲਦੀ ਗ੍ਰਿਫਤਾਰ ਕਰਨ ਦਾ ਭਰੋਸਾ ਦੇ ਕੇ ਪੀੜਤਾਂ ਨੂੰ ਘਰ ਭੇਜ ਦਿੱਤਾ ਸੀ। ਉਨਾਂ ਦੋਸ਼ ਲਾਏ ਕਿ ਹਫਤਾ ਬੀਤ ਜਾਣ ਦੇ ਬਾਵਜੂਦ ਪੁਲੀਸ ਵੱਲੋਂ ਇਸ ਮਾਮਲੇ ਵਿਚ ਕੋਈ ਕਾਰਵਾਈ ਨਹੀਂ ਕੀਤੀ ਗਈ, ਇਸ ਤੋਂ ਦੁਖੀ ਹੋ ਕੇ ਪੀੜਤ ਭੱਠਾ ਮਾਲਕ ਵੱਲੋਂ ਆਪਣੇ ਪਰਿਵਾਰ ਸਮੇਤ ਥਾਣਾ ਸੰਗਤ ਅੱਗੇ ਧਰਨਾ ਲਗਾਇਆ ਗਿਆ। ਪੀੜਤ ਭੱਠਾ ਮਾਲਕ ਧਰਮਪਾਲ ਗਰਗ ਵਾਸੀ ਨੇ ਦੱਸਿਆ ਕਿ ਸੰਗਤ ਪੁਲੀਸ ਸ਼ਰ੍ਹੇਆਮ ਦੋਸ਼ੀਆਂ ਦਾ ਪੱਖ ਪੂਰ ਰਹੀ ਹੈ। ਇਸ ਮੌਕੇ ਦਿਹਾਤੀ ਮਜ਼ਦੂਰ ਸਭਾ ਦੇ ਜ਼ਿਲ੍ਹਾ ਪ੍ਰਧਾਨ ਮਿੱਠੂ ਸਿੰਘ ਘੁੱਦਾ ਵੀ ਪੀੜਤਾਂ ਦੀ ਹਮਾਇਤ ’ਤੇ ਆਏ ਅਤੇ ਉਨ੍ਹਾਂ ਪੁਲੀਸ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਦੋ ਦਿਨਾਂ ਦੇ ਅੰਦਰ ਦੋਸ਼ੀ ਸਲਾਖਾਂ ਪਿੱਛੇ ਨਾ ਦਿੱਤੇ ਤਾਂ ਇਸ ਮਾਮਲੇ ਨੂੰ ਵੱਡੇ ਪੱਧਰ ’ਤੇ ਚੁੱਕਿਆ ਜਾਵੇਗਾ। ਪੀੜਤ ਧਰਮਪਾਲ ਗਰਗ ਨੇ ਵੀ ਕਿਹਾ ਕਿ ਜੇਕਰ ਪੁਲੀਸ ਨੇ ਹੁਣ ਵੀ ਕੋਈ ਕਾਰਵਾਈ ਨਾ ਕੀਤੀ ਤਾਂ ਉਹ ਥਾਣੇ ਅੱਗੇ ਮਰਨ ਵਰਤ ਸ਼ੁਰੂ ਕਰਨਗੇ।
ਥਾਣਾ ਮੁਖੀ ਗੌਰਵਬੰਸ਼ ਸਿੰਘ ਨੇ ਧਰਨਾਕਾਰੀਆਂ ਨੂੰ ਵਿਸ਼ਵਾਸ ਦਿਵਾਇਆ ਕਿ ਦੋ ਦਿਨਾਂ ਦੇ ਅੰਦਰ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ ਜਦੋਂ ਕਿ ਜਾਂਚ ਅਧਿਕਾਰੀ ਸਹਾਇਕ ਥਾਣੇਦਾਰ ਧਰਮਵੀਰ ਸਿੰਘ ਨੇ ਕਿਹਾ ਕਿ ਦੋਸ਼ੀਆਂ ’ਤੇ ਧਾਰਾ 326 ਤਹਿਤ ਕੇਸ ਵਿਚ ਵਾਧਾ ਕੀਤਾ ਗਿਆ ਹੈ ਅਤੇ ਉਨਾਂ ਦੀ ਗ੍ਰਿਫਤਾਰੀ ਲਈ ਛਾਪੇ ਮਾਰੇ ਜਾ ਰਹੇ ਹਨ।