ਐੱਨਪੀ ਧਵਨ
ਪਠਾਨਕੋਟ, 4 ਜੁਲਾਈ
ਖਾਨਪੁਰ ਤੋਂ ਡਿਫੈਂਸ ਰੋਡ ਤੱਕ ਸੜਕ ਦੀ ਖਸਤਾ ਹਾਲਤ ਨੂੰ ਲੈ ਕੇ ਪਿੰਡ ਕਾਹਨਪੁਰ ਦੇ ਲੋਕਾਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਕਾਹਨਪੁਰ ਵਾਸੀ ਸ਼ੇਰ ਸਿੰਘ, ਮਹਿੰਦਰ ਪਾਲ, ਅਸ਼ੋਕ ਕੁਮਾਰ, ਕਮਲ ਕੁਮਾਰ, ਜਸਵੰਤ ਸਿੰਘ, ਕੁਲਦੀਪ ਸਿੰਘ ਆਦਿ ਨੇ ਦੱਸਿਆ ਕਿ ਖਾਨਪੁਰ ਤੋਂ ਲੈ ਕੇ ਡਿਫੈਂਸ ਰੋਡ ਤੱਕ ਲਗਭਗ 3 ਕਿਲੋਮੀਟਰ ਦੀ ਸੜਕ ਪਿਛਲੇ 4 ਸਾਲਾਂ ਤੋਂ ਟੁੱਟੀ ਪਈ ਹੈ। ਸੜਕ ਉਪਰ ਵੱਡੇ-ਵੱਡੇ ਟੋਏ ਪੈ ਚੁੱਕੇ ਹਨ। ਹਲਕੀ ਜਿਹੀ ਬਾਰਸ਼ ਹੋਣ ’ਤੇ ਨਵੀਂ ਬਸਤੀ ਕਾਹਨਪੁਰ ਵਿੱਚ ਸੜਕ ’ਤੇ ਪਾਣੀ ਖੜ੍ਹ ਜਾਂਦਾ ਹੈ, ਇਸ ਕਾਰਨ ਉਥੋਂ ਲੰਘਣ ਵਾਲੇ ਲੋਕਾਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਉਨ੍ਹਾਂ ਕਈ ਵਾਰ ਜ਼ਿਲ੍ਹਾ ਪ੍ਰਸ਼ਾਸਨ ਅਤੇ ਸਰਕਾਰ ਤੋਂ ਇਸ ਸੜਕ ਦੇ ਨਿਰਮਾਣ ਲਈ ਅਪੀਲ ਕੀਤੀ ਹੈ ਪਰ ਅਜੇ ਤੱਕ ਕੋਈ ਹੱਲ ਨਹੀਂ ਹੋਇਆ। ਉਨ੍ਹਾਂ ਪ੍ਰਸ਼ਾਸਨ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਸਰਕਾਰ ਨੇ ਇਹ ਸੜਕ ਜਲਦੀ ਨਾ ਬਣਵਾਈ ਤਾਂ ਉਹ ਅਣਮਿਥੇ ਸਮੇਂ ਲਈ ਸੰਘਰਸ਼ ਸ਼ੁਰੂ ਕਰ ਦੇਣਗੇ।