ਪੱਤਰ ਪ੍ਰੇਰਕ
ਭੀਖੀ, 4 ਜੁਲਾਈ
ਨੇੜਲੇ ਪਿੰਡ ਹਮੀਰਗੜ੍ਹ ਢੈਪਈ ਵਿਖੇ ਇੱਕ ਵਿਅਕਤੀ ਨੇ ਆਪਣੀ ਲਾਇਸੈਂਸੀ ਬੰਦੂਕ ਨਾਲ ਗੋਲੀ ਮਾਰ ਕੇ ਖੁਦਕੁਸ਼ੀ ਕਰ ਲਈ। ਜਾਣਕਾਰੀ ਮੁਤਾਬਿਕ ਗੁਰਮੀਤ ਸਿੰਘ ਪੁੱਤਰ ਹਰਮਿੰਦਰ ਸਿੰਘ (52) ਵਾਸੀ ਹਮੀਰਗੜ੍ਹ ਢੈਪਈ ਜੋ ਕਿ ਪਿਛਲੇ ਸਮੇਂ ਤੋਂ ਮਾਨਸਿਕ ਪ੍ਰੇਸ਼ਾਨੀ ’ਚੋਂ ਗੁਜ਼ਰ ਰਿਹਾ ਸੀ, ਦੇ ਸਿਰ ’ਤੇ ਬੈਂਕ ਅਤੇ ਸੁਸਾਇਟੀ ਸਣੇ ਲਗਪਗ 7 ਲੱਖ ਰੁਪਏ ਦਾ ਕਰਜ਼ਾ ਸੀ। ਇਸੇ ਪ੍ਰੇਸ਼ਾਨੀ ਦੇ ਚਲਦਿਆਂ ਉਸ ਨੇ ਆਪਣੇ ਘਰ ਆਪਣੀ ਲਾਇਸੈਂਸੀ ਬੰਦੂਕ ਨਾਲ ਗੋਲੀ ਮਾਰ ਕੇ ਖੁਦਕੁਸ਼ੀ ਕਰ ਲਈ। ਡੀ.ਐੱਸ.ਪੀ. ਮਾਨਸਾ ਗੁਰਮੀਤ ਸਿੰਘ ਬਰਾੜ ਅਤੇ ਥਾਣਾ ਮੁਖੀ ਜਸਜੋਤ ਸਿੰਘ ਨੇ ਮੌਕੇ ’ਤੇ ਪਹੁੰਚ ਕੇ ਘਟਨਾ ਦਾ ਜਾਇਜ਼ਾ ਲਿਆ। ਥਾਣਾ ਭੀਖੀ ਦੇ ਸਹਾਇਕ ਥਾਣੇਦਾਰ ਕੁਲਵੰਤ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੇ ਲੜਕੇ ਬਲਕਾਰ ਸਿੰਘ ਦੇ ਬਿਆਨਾਂ ’ਤੇ 174 ਦੀ ਕਾਰਵਾਈ ਕਰਦਿਆਂ ਲਾਸ਼ ਪੋਸਟਮਾਰਟਮ ਲਈ ਮਾਨਸਾ ਭੇਜ ਦਿੱਤੀ ਹੈ।
ਗੱਡੀ ਹੇਠਾਂ ਆ ਕੇ ਦਿੱਤੀ ਜਾਨ
ਸਿਰਸਾ (ਨਿੱਜੀ ਪੱਤਰ ਪੇ੍ਰਕ): ਇਥੋਂ ਦੇ ਰੇਲਵੇ ਸਟੇਸ਼ਨ ਨੇੜੇ ਰਿਵਾੜੀ ਤੋਂ ਫ਼ਾਜ਼ਿਲਕਾ ਜਾਣ ਵਾਲੀ ਸਵਾਰੀ ਗੱਡੀ ਅੱਗੇ ਇਕ ਵਿਅਕਤੀ ਨੇ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ। ਮ੍ਰਿਤਕ ਦੀ ਪਛਾਣ ਨਹੀਂ ਹੋ ਸਕੀ। ਪੁਲੀਸ ਨੇ ਮ੍ਰਿਤਕ ਦੀ ਦੇਹ ਪਛਾਣ ਲਈ ਨਾਗਰਿਕ ਹਸਪਤਾਲ ਦੇ ਮੁਰਦਾ ਘਰ ’ਚ ਰਖਵਾਈ ਹੈ। ਜਾਣਕਾਰੀ ਅਨੁਸਾਰ ਅੱਜ ਸਵੇਰੇ ਰਿਵਾੜੀ ਤੋਂ ਫ਼ਾਜ਼ਿਲਕਾ ਜਾਣ ਵਾਲੀ ਰੇਲ ਗੱਡੀ ਅੱਗੇ ਇਕ ਵਿਅਕਤੀ ਨੇ ਸਿਰਸਾ ਸਟੇਸ਼ਨ ਨੇੜੇ ਅਚਾਨਕ ਛਾਲ ਮਾਰ ਦਿੱਤੀ ਜਿਸ ਕਾਰਨ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ।
ਸੂਚਨਾ ਮਿਲਣ ’ਤੇ ਰੇਲਵੇ ਪੁਲੀਸ ਨੇ ਮੌਕੇ ’ਤੇ ਪਹੁੰਚ ਕੇ ਮ੍ਰਿਤਕ ਵਿਅਕਤੀ ਦੀ ਪਛਾਣ ਦੀ ਕੋਸ਼ਿਸ਼ ਕੀਤੀ। ਰੇਲਵੇ ਪੁਲੀਸ ਦੇ ਅਧਿਕਾਰੀ ਨੇ ਦੱਸਿਆ ਹੈ ਕਿ ਮ੍ਰਿਤਕ ਦੀ ਦੇਹ ਨੂੰ ਨਾਗਰਿਕ ਹਸਪਤਾਲ ਦੇ ਮੁਰਦਾ ਘਰ ਰਖਵਾਇਆ ਗਿਆ ਹੈ। ਮ੍ਰਿਤਕ ਵਿਅਕਤੀ ਦੀ ਉਮਰ ਤਕਰੀਬਨ 42 ਸਾਲ ਦੱਸੀ ਗਈ ਹੈ। ਫਿਲਹਾਲ ਪੁਲੀਸ ਵੱਲੋਂ 174 ਦੇ ਤਹਿਤ ਕਾਰਵਾਈ ਕੀਤੀ ਗਈ ਹੈ। ਪੁਲੀਸ ਮਿ੍ਰਤਕ ਵਿਅਕਤੀ ਦੀ ਪਛਾਣ ਕਰਵਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਪੁਲੀਸ ਦਾ ਕਹਿਣਾ ਹੈ ਕਿ ਪਛਾਣ ਹੋਣ ਮਗਰੋਂ ਹੀ ਅਗਲੇਰੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।