ਨਿੱਜੀ ਪੱਤਰ ਪ੍ਰੇਰਕ
ਜਲੰਧਰ, 4 ਜੁਲਾਈ
ਕਰੋਨਾ ਮਹਾਂਮਾਰੀ ਦੀ ਦੂਜੀ ਲਹਿਰ ਨੂੰ ਮੋੜਾ ਪੈਣ ਲੱਗ ਪਿਆ ਹੈ। ਅੱਜ ਆਈਆਂ ਰਿਪੋਰਟਾਂ ਅਨੁਸਾਰ ਜ਼ਿਲ੍ਹੇ ਵਿੱਚ ਕਰੋਨਾ ਕਾਰਨ ਇੱਕ ਮਰੀਜ਼ ਦੀ ਮੌਤ ਹੋ ਗਈ ਹੈ ਜਦੋਂਕਿ 8 ਨਵੇਂ ਪਾਜ਼ੇਟਿਵ ਮਰੀਜ਼ ਆਏ ਹਨ। ਬੜੇ ਲੰਮੇ ਸਮੇਂ ਬਾਅਦ ਪਾਜ਼ੇਟਿਵ ਮਰੀਜ਼ਾਂ ਦਾ ਅੰਕੜਾ ਇੱਕ ਅੰਕ ਵਿੱਚ ਆਇਆ ਹੈ। ਜ਼ਿਲ੍ਹੇ ਵਿੱਚ ਹੁਣ ਤੱਕ 1483 ਮੌਤਾਂ ਹੋ ਚੁੱਕੀਆਂ ਹਨ ਤੇ ਜਦੋਂ ਦੀ ਕਰੋਨਾ ਮਹਾਂਮਾਰੀ ਸ਼ੁਰੂ ਹੋਈ ਹੈ ਉਦੋਂ ਤੋਂ ਲੈ ਕੇ ਹੁਣ ਤੱਕ 62800 ਮਰੀਜ਼ ਪਾਜ਼ੇਟਿਵ ਆ ਚੁੱਕੇ ਹਨ। ਜ਼ਿਲ੍ਹੇ ਵਿੱਚ ਐਕਟਿਵ ਕੇਸ ਵੀ ਘਟ ਕੇ 174 ਰਹਿ ਗਏ ਹਨ। ਸਿਵਲ ਹਸਪਤਾਲ ਵਿੱਚ ਹੁਣ ਸਿਰਫ 11 ਕਰੋਨਾ ਦੇ ਮਰੀਜ਼ ਹੀ ਦਾਖਲ ਹਨ। ਜਦੋਂਕਿ 125 ਦੇ ਕਰੀਬ ਮਰੀਜ਼ਾਂ ਨੂੰ ਘਰਾਂ ਵਿੱਚ ਹੀ ਇਕਾਂਤਵਾਸ ਕੀਤਾ ਗਿਆ ਹੈ।
ਅੰਮ੍ਰਿਤਸਰ (ਟ੍ਰਿਬਿਊਨ ਨਿਊਜ਼ ਸਰਵਿਸ) ਕਰੋਨਾ ਕਾਰਨ ਅੱਜ ਇਕ ਔਰਤ ਮਰੀਜ਼ ਦੀ ਮੌਤ ਹੋ ਗਈ ਹੈ ਅਤੇ ਇਸ ਦੌਰਾਨ 14 ਹੋਰ ਨਵੇਂ ਕਰੋਨਾ ਪਾਜ਼ੇਟਿਵ ਕੇਸ ਆਏ ਹਨ। ਸਿਹਤ ਵਿਭਾਗ ਤੋਂ ਮਿਲੀ ਜਾਣਕਾਰੀ ਮੁਤਾਬਕ ਹੁਣ ਤੱਕ ਜ਼ਿਲੇ ਵਿੱਚ ਕਰੋਨਾ ਕਾਰਨ 1570 ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ ਇਸ ਵੇਲੇ 218 ਕਰੋਨਾ ਦੇ ਐਕਟਿਵ ਕੇਸ ਹਨ। ਇਸ ਦੌਰਾਨ ਅੱਜ 40 ਕਰੋਨਾ ਮਰੀਜ ਸਿਹਤਯਾਬ ਵੀ ਹੋਏ ਹਨ।
ਹੁਸ਼ਿਆਰਪੁਰ (ਪੱਤਰ ਪ੍ਰੇਰਕ) ਹੁਸ਼ਿਆਰਪੁਰ ’ਚ ਅੱਜ ਕੋਵਿਡ ਦੇ 6 ਨਵੇਂ ਪਾਜ਼ੇਟਿਵ ਕੇਸਾਂ ਦੀ ਪੁਸ਼ਟੀ ਹੋਈ ਹੈ। ਸਿਵਲ ਸਰਜਨ ਡਾ. ਰਣਜੀਤ ਸਿੰਘ ਨੇ ਦੱਸਿਆ ਕਿ ਜ਼ਿਲ੍ਹੇ ’ਚ ਹੁਣ ਤੱਕ 30485 ਪਾਜ਼ੇਟਿਵ ਕੇਸਾਂ ਦੀ ਪੁਸ਼ਟੀ ਹੋ ਚੁੱਕੀ ਹੈ ਤੇ 968 ਲੋਕਾਂ ਦੀ ਮੌਤ ਹੋਈ ਹੈ। ਜ਼ਿਲ੍ਹੇ ’ਚ ਇਸ ਵੇਲੇ 108 ਕੇਸ ਐਕਟਿਵ ਹਨ ਤੇ 29409 ਮਰੀਜ਼ ਤੰਦਰੁਸਤ ਹੋ ਚੁੱਕੇ ਹਨ।
ਤਰਨ ਤਾਰਨ (ਪੱਤਰ ਪ੍ਰੇਰਕ) ਜ਼ਿਲ੍ਹੇ ’ਚ ਪਿਛਲੇ ਚਾਰ ਦਿਨਾਂ ਤੋਂ ਕੋਵਿਡ ਨਾਲ ਕਿਸੇ ਵੀ ਮਰੀਜ਼ ਦੀ ਮੌਤ ਹੋਣ ਦਾ ਸਮਾਚਾਰ ਨਹੀਂ ਹੈ| ਹੁਣ ਤੱਕ ਇਸ ਮਹਾਮਾਰੀ ਨਾਲ 366 ਲੋਕਾਂ ਦੀਆਂ ਜਾਨਾਂ ਜਾ ਚੁੱਕੀਆਂ ਹਨ| ਜ਼ਿਲ੍ਹੇ ’ਚ ਐਕਟਿਵ ਕੇਸਾਂ ਦੀ ਗਿਣਤੀ ਘੱਟ ਕੇ 54 ਰਹਿ ਗਈ ਹੈ ਜਿਨ੍ਹਾਂ ਵਿੱਚੋਂ 29 ਜਣਿਆਂ ਨੂੰ ਉਨ੍ਹਾਂ ਦੇ ਘਰਾਂ ’ਚ ਇਕਾਂਤਵਾਸ ਵਿੱਚ ਰੱਖਿਆ ਗਿਆ ਹੈ| ਜ਼ਿਲ੍ਹੇ ਦੇ 1287 ਲੋਕਾਂ ਨੂੰ ਅੱਜ ਕਰੋਨਾ ਦਾ ਟੀਕਾਕਰਣ ਕੀਤਾ ਗਿਆ ਜਿਸ ਨਾਲ ਅੱਜ ਤੱਕ ਕੁਲ 2,16,192 ਲੋਕਾਂ ਨੂੰ ਇਸ ਮਹਾਮਾਰੀ ਤੋਂ ਬਚਾਅ ਕਰਨ ਦੇ ਟੀਕੇ ਲਗਾਏ ਜਾ ਚੁੱਕੇ ਹਨ| ਡਿਪਟੀ ਕਮਿਸ਼ਨਰ ਕੁਲਵੰਤ ਸਿੰਘ ਨੇ 18 ਸਾਲ ਤੋਂ ਵਧ ਉਮਰ ਦੇ ਸਾਰੇ ਲੋਕਾਂ ਨੂੰ ਕੋਵਿਡ ਤੋਂ ਬਚਾਅ ਕਰਨ ਲਈ ਟੀਕੇ ਲਗਵਾਉਣ ਦੀ ਅਪੀਲ ਕੀਤੀ ਹੈ|
ਜਲੰਧਰ ਵਿੱਚ ਟੀਕਾਕਰਨ ਦਾ 7 ਲੱਖ ਤੋਂ ਅੰਕੜਾ ਟੱਪਿਆ
ਜਲੰਧਰ (ਨਿੱਜੀ ਪੱਤਰ ਪ੍ਰੇਰਕ) ਜ਼ਿਲ੍ਹੇ ਵਿੱਚ ਯੋਗ ਲਾਭਪਾਤਰੀਆਂ ਨੂੰ 7,13,759 ਖੁਰਾਕਾਂ ਦੇ ਕੇ ਟੀਕਾਕਰਨ ਵਿੱਚ 7 ਲੱਖ ਦੇ ਅੰਕੜੇ ਨੂੰ ਪਾਰ ਕਰ ਲਿਆ ਹੈ। ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ ਨੇ ਦੱਸਿਆ ਕਿ 5,77,220 ਤੇ 1,36,539 ਲਾਭਪਾਤਰੀਆਂ ਨੂੰ ਕੋਵਿਡ-19 ਵੈਕਸੀਨ ਦੀ ਕ੍ਰਮਵਾਰ ਪਹਿਲੀ ਤੇ ਦੂਜੀ ਖੁਰਾਕ ਦਿੱਤੀ ਜਾ ਚੁੱਕੀ ਹੈ। ਉਨ੍ਹਾਂ ਮੈਗਾ ਟੀਕਾਕਰਨ ਮੁਹਿੰਮ ਤਹਿਤ ਪਿਛਲੇ ਦੋ ਦਿਨਾਂ ’ਚ ਪ੍ਰਸ਼ਾਸਨ ਵੱਲੋਂ ਕੀਤੇ ਗਏ ਯਤਨਾਂ ਦਾ ਜ਼ਿਕਰ ਕਰਦਿਆਂ ਦੱਸਿਆ ਕਿ ਵੱਡੀ ਗਿਣਤੀ ਵਿੱਚ ਲਾਭਪਾਤਰੀਆਂ ਦੇ ਟੀਕਾਕਰਨ ਲਈ 225 ਵਿਸ਼ੇਸ਼ ਮੋਬਾਈਲ ਟੀਕਾਕਰਨ ਕੈਂਪ ਲਗਾਏ ਗਏ ਸਨ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਵੈਕਸੀਨ ਦਾ ਨਵਾਂ ਸਟਾਕ ਪ੍ਰਾਪਤ ਹੁੰਦਿਆਂ ਹੀ ਜ਼ਿਲ੍ਹੇ ’ਚ ਅਜਿਹੇ ਹੋਰ ਕੈਂਪ ਲਗਾਏ ਜਾਣਗੇ। ਉਨ੍ਹਾਂ ਜਲੰਧਰ ਦੇ ਲੋਕਾਂ ਦਾ ਇਨ੍ਹਾਂ ਕੈਂਪਾਂ ’ਚ ਸਹਿਯੋਗ ਦੇਣ ਲਈ ਧੰਨਵਾਦ ਕੀਤਾ, ਜਿਸ ਤੋਂ ਬਿਨਾਂ ਇਹ ਪ੍ਰਾਪਤੀ ਲਗਭਗ ਅਸੰਭਵ ਸੀ। ਸ਼੍ਰੀ ਥੋਰੀ ਨੇ ਇਸ ਕਾਰਜ ਵਿੱਚ ਸਮਾਜ ਸੇਵੀ ਤੇ ਧਾਰਮਿਕ ਸੰਸਥਾਵਾਂ ਦੇ ਯੋਗਦਾਨ ਦੀ ਸ਼ਲਾਘਾ ਕਰਦਿਆਂ ਸਮੁੱਚੇ ਸਿਹਤ ਸੇਵਕਾਂ ਦੀ ਪ੍ਰਸ਼ੰਸਾ ਕੀਤੀ।
ਕੈਂਪਾਂ ਵਿੱਚ 1020 ਲੋਕਾਂ ਨੇ ਲਗਵਾਈ ਵੈਕਸੀਨ
ਭੁਲੱਥ: (ਪੱਤਰ ਪ੍ਰੇਰਕ) ਪੰਜਾਬ ਸਰਕਾਰ ਦੀਆਂ ਹਦਾਇਤਾਂ ’ਤੇ ਸਿਹਤ ਵਿਭਾਗ ਕਪੂਰਥਲਾ ਵੱਲੋਂ ਸਿਵਲ ਸਰਜਨ ਡਾ. ਪਰਮਿੰਦਰ ਕੌਰ ਦੀ ਅਗਵਾਈ ਹੇਠ ਲੋਕਾਂ ਨੂੰ ਕੋਵਿਡ ਦੇ ਖਤਰੇ ਤੋਂ ਬਚਾਅ ਲਈ ਵੱਡੇ ਪੱਧਰ ’ਤੇ ਵੈਕਸੀਨ ਲਗਾਉਣ ਦੀ ਮੁਹਿੰਮ ਚਲਾਈ ਜਾ ਰਹੀ ਹੈ। ਇਸ ਸਬੰਧੀ ਐੱਸਐੱਮਓ ਬੇਗੋਵਾਲ, ਡਾ. ਕਿਰਨਪ੍ਰੀਤ ਕੌਰ ਸੇਖੋਂ ਨੇ ਦੱਸਿਆ ਸਰਕਾਰੀ ਹਸਪਤਾਲ ਬੇਗੋਵਾਲ ਅਧੀਨ ਸਬ ਸੈਟਰਾਂ, ਐੱਨਜੀਓ ਸੰਸਥਾਵਾਂ ਦੇ ਸਹਿਯੋਗ ਨਾਲ ਲਗਾਏ ਵੱਖ ਵੱਖ ਕੈਂਪਾਂ ’ਚ 1020 ਲੋਕਾਂ ਨੂੰ ਵੈਕਸੀਨ ਲਗਾਈ ਗਈ। ਇਸ ਸਬੰਧੀ ਨੰਗਲ ਲੁਬਾਣਾ, ਜੈਦ ਇਬਰਾਹੀਮਵਾਲ ਸੈਟਰਾਂ ਅਧੀਨ ਪਿੰਡਾਂ ਦੇ ਲੋਕਾਂ ਨੇ ਭਾਰੀ ਉਤਸ਼ਾਹ ਦਿਖਾਇਆ। ਐੱਸਐੱਸ ਪੈਲੇਸ ’ਚ ਲਗਾਏ ਕੈਂਪਾਂ ਸਮੇਂ ਲਾਇਨਜ਼ ਕਲੱਬ ਰਾਇਲ ਬੰਦਗੀ ਨੇ ਵੱਡਾ ਸਹਿਯੋਗ ਦਿੱਤਾ। ਬੇਗੋਵਾਲ ਤੇ ਨੰਗਲ, ਲੁਬਾਣਾ ਵਿੱਚ ਕੈਂਪਾਂ ਦਾ ਸਿਵਲ ਸਰਜਨ ਕਪੂਰਥਲਾ ਡਾ. ਪਰਮਿੰਦਰ ਕੌਰ ਨੇ ਨਿਰੀਖਣ ਕੀਤਾ ਤੇ ਲਗਾਈ ਜਾ ਰਹੀ ਵੈਕਸੀਨ ਦੇ ਕੰਮ ਵਿਚ ਤਸੱਲੀ ਪ੍ਰਗਟ ਕੀਤੀ। ਇਸ ਸਬੰਧੀ ਐੱਸਐੱਮਓ ਬੇਗੋਵਾਲ ਡਾ. ਕਿਰਨਪ੍ਰੀਤ ਕੌਰ ਸੇਖੋਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਵੈਕਸੀਨ ਲਗਾਉਣ ਲਈ ਵੱਧ ਚੜ੍ਹ ਕੇ ਅੱਗੇ ਆਉਣ।