ਮੁੰਬਈ, 4 ਜੁਲਾਈ
ਪ੍ਰਸਿੱਧ ਟੀਵੀ ਲੜੀਵਾਰ ‘ਕਿਉਂਕਿ ਸਾਸ ਭੀ ਕਭੀ ਬਹੂ ਥੀ’ ਦੇ 21 ਸਾਲ ਪੂਰੇ ਹੋਣ ’ਤੇ ਕੇਂਦਰੀ ਮੰਤਰੀ ਤੇ ਸਾਬਕਾ ਅਦਾਕਾਰਾ ਸਮ੍ਰਿਤੀ ਇਰਾਨੀ ਨੇ ਆਖਿਆ ਕਿ ਲੰਮਾ ਸਮਾਂ ਚੱਲਣ ਵਾਲਾ ਇਹ ਲੜੀਵਾਰ ਮਹਿਜ਼ ਦਰਸ਼ਕਾਂ ਲਈ ਹੀ ਜ਼ਿੰਦਗੀ ਬਦਲਣ ਵਾਲਾ ਤਜਰਬਾ ਨਹੀਂ ਸਗੋਂ ਇਹ ਉਨ੍ਹਾਂ ਲੋਕਾਂ ਲਈ ਵੀ ਸੀ ਜਿਨ੍ਹਾਂ ਨੇ ਇਸ ਵਿਚ ਕੰਮ ਕੀਤਾ। ਸ਼ੋਭਾ ਕਪੂਰ ਤੇ ਏਕਤਾ ਕਪੂਰ ਵੱਲੋਂ ਪ੍ਰੋਡਿਊਸ ਕੀਤਾ ਇਹ ਲੜੀਵਾਰ 3 ਜੁਲਾਈ 2000 ਨੂੰ ਸ਼ੁਰੂ ਹੋਇਆ ਸੀ ਅਤੇ ਇਹ ਅੱਠ ਸਾਲ ਚੱਲਿਆ, ਜਿਸ ਦੇ ਕਰੀਬ 1800 ਐਪੀਸੋਡ ਹਨ। ਆਦਰਸ਼ ਨੂੰਹ ਵਜੋਂ ਤੁਲਸੀ ਵਿਰਾਨੀ ਦੇ ਕਿਰਦਾਰ ਵਿੱਚ ਇਰਾਨੀ ਬਹੁਤ ਪ੍ਰਸਿੱਧ ਹੋ ਗਈ ਸੀ ਜਿਹੜੀ ਆਪਣੇ ਪਰਿਵਾਰ ਦੀ ਹਿਫਾਜ਼ਤ ਲਈ ਲੜੀਵਾਰ ’ਚ ਬਹੁਤ ਸਾਰੇ ਉਤਰਾਅ-ਚੜ੍ਹਾਅ ਦੇਖਦੀ ਹੈ। ਸ਼ੋਅ ਦੀ ਵਰ੍ਹੇ ਗੰਢ ਮੌਕੇ ਇਰਾਨੀ ਨੇ ਸੋਸ਼ਲ ਮੀਡੀਆ ’ਤੇ ਲੜੀਵਾਰ ਦੇ ਵੱਖ ਵੱਖ ਦ੍ਰਿਸ਼ਾਂ ਦੀ ਇਕ ਵੀਡੀਓ ਵੀ ਸਾਂਝੀ ਕੀਤੀ ਹੈ। -ਪੀਟੀਆਈ