ਮਹਿੰਦਰ ਸਿੰਘ ਰੱਤੀਆਂ
ਮੋਗਾ, 4 ਜੁਲਾਈ
ਪੰਜਾਬ ’ਚ ਕਾਂਗਰਸ ਗ੍ਰਹਿ-ਯੁੱਧ ਵਿੱਚ ਉਲਝੀ ਪਈ ਹੈ। ਹੇਠਲੇ ਪੱਧਰ ਉੱਤੇ ਵੀ ਸਿਆਸੀ ਜੰਗ ਭਖਣ ਕਾਰਨ ਵਿਕਾਸ ਕਾਰਜ ਪ੍ਰਭਾਵਿਤ ਹੋ ਰਹੇ ਹਨ। ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਵਿਨੋਦ ਬਾਂਸਲ ਵੱਲੋਂ ਸੈਰ ਪਾਰਕਾਂ ’ਚ ਓਪਨ ਜਿੰਮ ਸਥਾਪਤ ਕਰਨ ਤੋਂ ਨਗਰ ਨਿਗਮ ਮੇਅਰ ਨੀਤਿਕਾ ਭੱਲਾ ਨੇ ਨਿਗਮ ਖੇਤਰ ’ਚ ਓਪਨ ਜਿੰਮ ਸਥਾਪਤ ਕਰਨ ਦਾ ਵਿਰੋਧ ਕਰਨ ਤੋਂ ਧੜੇਬੰਦੀ ’ਚ ਵੰਡੀ ਕਾਂਗਰਸ ਦੀ ਅੰਦਰੂਨੀ ਸਿਆਸੀ ਰੰਜਿਸ਼ ਬਾਹਰ ਆ ਗਈ ਹੈ।
ਸ੍ਰੀ ਬਾਂਸਲ ਦਾ ਕਹਿਣਾ ਹੈ ਕਿ ਮੇਅਰ ਨਿਤਿਕਾ ਭੱਲਾ ਨੇ ਖੁਦ ਵਾਰਡਾਂ ’ਚ ਵਿਕਾਸ ਕਾਰਜਾਂ ਲਈ ਉਨ੍ਹਾਂ ਨੂੰ ਪੱਤਰ ਲਿਖੇ ਸਨ ਤੇ ਹੁਣ ਅਗਾਮੀ ਵਿਧਾਨ ਸਭਾ ਚੋਣਾਂ ’ਚ ਹਾਕਮ ਧਿਰ ਦੀ ਟਿਕਟ ਲਈ ਦਾਅਵੇਦਾਰ ਹੋਣ ਕਰਕੇ ਕਥਿਤ ਸਿਆਸੀ ਦਬਾਅ ਹੇਠ ਲੋਕ ਭਲਾਈ ਸਕੀਮਾਂ ’ਚ ਅੜਿੱਕਾ ਡਾਹਿਆ ਜਾ ਰਿਹਾ ਹੈ।
ਮੇਅਰ ਨੀਤਿਕਾ ਭੱਲਾ ਨੇ ਕਿਹਾ ਕਿ ਨਿਗਮ ਕੋਲ ਓਪਨ ਜਿੰਮ ਲਈ ਫੰਡ ਹਨ। ਨਗਰ ਸੁਧਾਰ ਟਰੱਸਟ ਆਪਣੀਆਂ ਸਕੀਮਾਂ ਅਧੀਨ ਆਪਣੇ ਅਧਿਕਾਰ ਖੇਤਰ ’ਚ ਸ਼ਹਿਰ ਦਾ ਸੁੰਦਰੀਕਰਨ ਤੇ ਹੋਰ ਵਿਕਾਸ ਕਰ ਸਕਦਾ ਹੈ।
ਸਾਬਕਾ ਕੈਬਨਿਟ ਮੰਤਰੀ ਡਾ. ਮਾਲਤੀ ਥਾਪਰ ਨੇ ਕਿਹਾ ਕਿ ਮੋਗਾ ’ਚ ਕਾਂਗਰਸ ਦੀ ਹਾਲਤ ਪਤਲੀ ਹੈ, ਜਿਸ ਦਾ ਸਬੂਤ ਕਰੀਬ 5 ਮਹੀਨੇ ਪਹਿਲਾਂ ਨਗਰ ਨਿਗਮ ਚੋਣਾਂ ’ਚ ਕਾਂਗਰਸ ਪਾਰਟੀ ਦੀ ਹਾਰ ਹੈ। ਉਨ੍ਹਾਂ ਕਿਹਾ ਕਿ ਇਹ ਸਮਾਂ ਆਪਸ ’ਚ ਖਹਿਬੜਨ ਦਾ ਨਹੀਂ ਬਲਕਿ ਹਾਰ ਦੇ ਅਸਲ ਕਾਰਨ ਦਾ ਪਤਾ ਲਾਉਣ ਲਈ ਸਵੈ ਪੜਚੋਲ ਕਰਨ ਦਾ ਹੈ।
ਡਾ. ਥਾਪਰ ਨੇ ਕਿਹਾ ਕਿ ਮੋਗਾ ਵਰਗੀ ਕਾਂਗਰਸ ਦਾ ਗੜ੍ਹ ਮੰਨੀ ਜਾਣ ਵਾਲੀ ਸੀਟ, ਜਿਥੋਂ ਕਾਂਗਰਸ 50 ਸਾਲਾਂ ’ਚ ਕਦੇ ਨਹੀਂ ਹਾਰੀ ਸੀ, ’ਚ ਪਾਰਟੀ ਦੀ ਸ਼ਹਿਰੀ ਚੋਣਾਂ ’ਚ ਲੱਕ ਤੋੜਵੀਂ ਹਾਰ ਚਿੰਤਾ ਦਾ ਵਿਸ਼ਾ ਹੈ। ਸਮੇਂ ਦੀ ਲੋੜ ਇਹ ਹੈ ਕਿ ਪਾਰਟੀ ਦੀ ਹਾਰ ਦੇ ਕਾਰਨਾਂ ਦਾ ਪਤਾ ਲਾਉਣ ਲਈ ਸਾਰੇ ਆਗੂ ਇਕੱਠੇ ਹੋ ਕੇ ਬੈਠਣ ਤੇ ਹਾਰ ਦੇ ਸਾਰੇ ਪਹਿਲੂਆਂ ’ਤੇ ਵਿਚਾਰ ਵਟਾਂਦਰਾ ਕਰਨ।
ਟਕਸਾਲੀ ਕਾਂਗਰਸੀ ਵਰਕਰਾਂ ਤੇ ਆਗੂਆਂ ਨੂੰ ਅੱਖੋਂ ਪਰੋਖੇ ਕਰਕੇ ਹੋਰਨਾਂ ਪਾਰਟੀਆਂ ’ਚੋਂ ਕਾਂਗਰਸ ਵਿੱਚ ਲਿਆਂਦੇ ਗਏ ਆਗੂਆਂ ਉੱਤੇ ਵੀ ਉਨ੍ਹਾਂ ਸੁਆਲ ਚੁੱਕੇ। ਇਥੇ ਕਾਂਗਰਸ ਪਾਰਟੀ ਦੀ ਸਥਿਤੀ ਦਿਨੋਂ ਦਿਨ ਵਿਗੜਦੀ ਜਾ ਰਹੀ ਹੈ।
ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਅੱਗੇ ਉਨ੍ਹਾਂ ਟਿਕਟ ਲਈ ਦਾਅਵੇਦਾਰੀ ਪੇਸ਼ ਕੀਤੀ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਨੇ ਭਰੋਸਾ ਦਿੱਤਾ ਕਿ ਇਸ ਵਾਰ ਪਾਰਟੀ ਪੂਰਾ ਮੰਥਨ ਕਰਕੇ ਹੀ ਟਿਕਟ ਉੱਤੇ ਫੈਸਲਾ ਲਵੇਗੀ। ਕੈਪਟਨ ਅਮਰਿੰਦਰ ਸਿੰਘ ਤੇ ਉਨ੍ਹਾਂ ਦੇ ਵਿਰੋਧੀ ਧੜੇ ਦੇ ਆਗੂਆਂ ’ਚ ਛਿੜੀ ਜੰਗ ਤੇ ਕਿਹਾ ਕਿ ਇਹ ਜੋ ਕੁਝ ਵੀ ਹੋ ਰਿਹਾ ਹੈ, ਗਲਤ ਹੋ ਰਿਹਾ ਹੈ।