ਮਹਿੰਦਰ ਸਿੰਘ ਰੱਤੀਆਂ
ਮੋਗਾ, 4 ਜੁਲਾਈ
ਮੋਗਾ ਪੁਲੀਸ ਨੇ ਅੱਜ ਗੈਂਗਸਟਰ ਵਿੱਕੀ ਗੌਂਡਰ ਦੇ ਕਰੀਬੀ ਯਾਦਵਿੰਦਰ ਯਾਦੀ ਸਮੇਤ ਖਾਲਿਸਤਾਨ ਟਾਈਗਰ ਫੋਰਸ (ਕੇਟੀਐੱਫ) ਦੇ ਤਲਵਿੰਦਰ ਸਿੰਘ ਉਰਫ ਮਿੰਟੂ ਅਤੇ ਰਛਪਾਲ ਸਿੰਘ ਨੂੰ ਗ੍ਰਿਫਤਾਰ ਕੀਤਾ ਹੈ। ਜ਼ਿਲ੍ਹਾ ਪੁਲੀਸ ਮੁਖੀ ਹਰਮਨਬੀਰ ਸਿੰਘ ਗਿੱਲ ਨੇ ਦੱਸਿਆ ਕਿ ਉਨ੍ਹਾਂ ਕੋਲੋਂ ਇੱਕ ਕਾਰ, 20 ਗ੍ਰਾਮ ਹੈਰੋਇਨ ਅਤੇ 32 ਬੋਰ ਪਿਸਤੌਲ ਵੀ ਬਰਾਮਦ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਮੁਲਜ਼ਮ ਫਿਰੌਤੀ ’ਤੇ ਹੱਤਿਆਵਾਂ ਕਰਨ ਦੀ ਸਾਜਿਸ਼ ਘੜ ਰਹੇ ਸਨ, ਜੋ ਪੁਲੀਸ ਨੇ ਨਾਕਾਮ ਕਰ ਦਿੱਤੀ ਹੈ। ਮੁਲਜ਼ਮਾਂ ਖ਼ਿਲਾਫ਼ ਥਾਣਾ ਸਮਾਲਸਰ ਵਿੱਚ ਐੱਨਡੀਪੀਐੱਸ ਤੇ ਆਰਮਜ਼ ਐਕਟ ਤਹਿਤ ਕੇਸ ਦਰਜ ਕੀਤਾ ਗਿਆ ਹੈ।
ਉਨ੍ਹਾਂ ਦੱਸਿਆ ਕਿ ਅਰਸ਼ਦੀਪ ਡਾਲਾ ਨੇ ਤਲਵੰਡੀ ਭਾਈ ਵਿੱਚ ਇੱਕ ਹਲਵਾਈ ਨੂੰ ਮਾਰਨ ਦਾ ਡਰਾਵਾ ਦੇ ਕੇ ਉਸ ਕੋਲੋਂ 30 ਲੱਖ ਰੁਪਏ ਦੀ ਫਿਰੌਤੀ ਮੰਗੀ ਸੀ ਅਤੇ ਅੱਜ ਗ੍ਰਿਫ਼ਤਾਰ ਕੀਤੇ ਤਿੰਨ ਮੁਲਜ਼ਮਾਂ ਨੂੰ ਫਿਰੌਤੀ ਇਕੱਠੀ ਕਰਨ ਦਾ ਕੰਮ ਸੌਂਪਿਆ ਸੀ। ਮੁਲਜ਼ਮਾਂ ਨੇ ਪੁੱਛਗਿੱਛ ਦੌਰਾਨ ਇਹ ਗੱਲ ਕਬੂਲ ਕੀਤੀ ਹੈ। ਪੁਲੀਸ ਨੇ ਕੌਮੀ ਜਾਂਚ ਏਜੰਸੀ ਨੂੰ ਇਸ ਸਬੰਧੀ ਸੂਚਿਤ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਇਸ ਤੋਂ ਪਹਿਲਾਂ ਉਨ੍ਹਾਂ ਲਵਪ੍ਰੀਤ ਸਿੰਘ, ਰਾਮ ਸਿੰਘ ਉਰਫ ਸੋਨੂੰ ਤੇ ਕਮਲਜੀਤ ਸ਼ਰਮਾ ਨੂੰ ਗ੍ਰਿਫ਼ਤਾਰ ਕਰ ਕੇ ਹੱਤਿਆਵਾਂ ਦੀ ਸਾਜਿਸ਼ ਦਾ ਪਰਦਾਫਾਸ਼ ਕੀਤਾ ਸੀ।