ਚੰਡੀਗੜ੍ਹ, 5 ਜੁਲਾਈ
ਹਰਿਆਣਾ ਦੇ ਕਾਂਗਰਸੀ ਵਿਧਾਇਕਾਂ ਨੇ ਅੱਜ ਦਿੱਲੀ ਵਿਚ ਸੀਨੀਅਰ ਆਗੂ ਕੇ ਸੀ ਵੇਣੂਗੋਪਾਲ ਨਾਲ ਮੁਲਾਕਾਤ ਕੀਤੀ ਅਤੇ ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਦੇ ਹੱਕ ਵਿਚ ਆਵਾਜ਼ ਬੁਲੰਦ ਕੀਤੀ। ਇਹ ਮੀਟਿੰਗ ਹੁੱਡਾ ਦੀ ਦਿੱਲੀ ਰਿਹਾਇਸ਼ ਉਤੇ ਕੀਤੀ ਗਈ। ਹੁੱਡਾ ਹਰਿਆਣਾ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਹਨ, ਜਦੋਂਕਿ ਕੁਮਾਰੀ ਸ਼ੈਲਜਾ ਸੂਬਾ ਕਾਂਗਰਸ ਪ੍ਰਧਾਨ ਹਨ। ਇਹ ਪਤਾ ਲੱਗਾ ਹੈ ਕਿ 22 ਵਿਧਾਇਕ ਕਾਂਗਰਸ ਦੇ ਜਨਰਲ ਸਕੱਤਰ ਵੇਣੂਗੋਪਾਲ ਨੂੰ ਮਿਲਣ ਏਆਈਸੀਸੀ ਹੈੱਡਕੁਆਰਟਰ ਗਏ। ਇਸ ਤੋਂ ਬਾਅਦ ਉਹ ਹੁੱਡਾ ਦੀ ਦਿੱਲੀ ਰਿਹਾਇਸ਼ ਉਤੇ ਗਏ, ਮੀਟਿੰਗ ਕਰਨ ਵਾਲੇ ਸਾਰੇ ਵਿਧਾਇਕ ਸਾਬਕਾ ਮੁੱਖ ਮੰਤਰੀ ਦੇ ਵਫ਼ਾਦਾਰ ਮੰਨੇ ਜਾਂਦੇ ਹਨ। ਚਾਰ ਦਿਨ ਪਹਿਲਾਂ ਹਰਿਆਣਾ ਦੇ 19 ਵਿਧਾਇਕਾਂ ਨੇ ਏਆਈਸੀਸੀ ਦੇ ਜਨਰਲ ਸੱਕਤਰ ਅਤੇ ਪਾਰਟੀ ਦੇ ਹਰਿਆਣਾ ਮਾਮਲਿਆਂ ਦੇ ਇੰਚਾਰਜ ਵਿਵੇਕ ਬਾਂਸਲ ਨਾਲ ਦਿੱਲੀ ਵਿੱਚ ਮੁਲਾਕਾਤ ਕਰਕੇ ਰਾਜ ਵਿੱਚ ਪਾਰਟੀ ਲਈ ਮਜ਼ਬੂਤ ਲੀਡਰਸ਼ਿਪ ਮੰਗੀ ਸੀ ਅਤੇ ਹੁੱਡਾ ਲਈ ਅਹਿਮ ਭੂਮਿਕਾ ਦਾ ਪੱਖ ਪੂਰਿਆ ਸੀ। ਦੱਸਣਯੋਗ ਹੈ ਕਿ ਰਾਜ ਵਿਚ ਕਾਂਗਰਸ ਦੇ 31 ਵਿਧਾਇਕ ਹਨ।