ਨਿੱਜੀ ਪੱਤਰ ਪ੍ਰੇਰਕ
ਜਲੰਧਰ, 5 ਜੁਲਾਈ
ਇੱਥੋਂ ਦੇ ਅਦਾਲਤੀ ਕੰਪਲੈਕਸ ਵਿੱਚ ਅੱਜ ਵਕੀਲਾਂ ਦੇ ਦੋ ਧੜਿਆਂ ਵਿੱਚ ਲੜਾਈ ਹੋ ਗਈ। ਇਸ ਦੌਰਾਨ ਇੱਕ ਧਿਰ ਦਾ ਵਕੀਲ ਜ਼ਖ਼ਮੀ ਵੀ ਹੋ ਗਿਆ। ਜ਼ਖ਼ਮੀ ਹੋਏ ਵਕੀਲ ਦੀ ਭੈਣ ਜਦੋਂ ਉਸ ਨੂੰ ਬਚਾਉਣ ਲਈ ਅੱਗੇ ਆਈ ਤਾਂ ਦੂਜੀ ਧਿਰ ’ਤੇ ਉਸ ਨਾਲ ਵੀ ਕਥਿਤ ਤੌਰ ’ਤੇ ਬਦਸਲੂਕੀ ਕੀਤੀ। ਦੋਵੇਂ ਧਿਰਾਂ ਜਦੋਂ ਸਿਵਲ ਹਸਪਤਾਲ ਪਹੁੰਚੀਆਂ ਤਾਂ ਉੱਥੇ ਜਾ ਕੇ ਵੀ ਉਹ ਇੱਕ-ਦੂਜੇ ਨਾਲ ਭਿੜ ਪਏ। ਦੋਹਾਂ ਧੜਿਆਂ ਦੇ ਵਕੀਲਾਂ ਵਿੱਚ ਲੰਮੇ ਸਮੇਂ ਤੋਂ ਝਗੜਾ ਚੱਲ ਰਿਹਾ ਹੈ। ਇਨ੍ਹਾਂ ਵਿੱਚੋਂ ਇੱਕ ਧਿਰ ਵਿੱਚ ਦੋ ਸਕੇ ਵਕੀਲ ਭਰਾ ਹਨ ਤੇ ਦੂਜੇ ਪਾਸੇ ਵਕੀਲ ਪਿਓ-ਪੁੱਤਰ ਹਨ।
ਹਸਪਤਾਲ ਵਿੱਚ ਦਾਖ਼ਲ ਵਕੀਲ ਭਰਾਵਾਂ ਨੇ ਦੱਸਿਆ ਕਿ ਉਨ੍ਹਾਂ ਦਾ ਇੱਕ ਕੇਸ ਅਦਾਲਤ ਵਿੱਚ ਚੱਲ ਰਿਹਾ ਹੈ, ਜਿਸ ਵਿੱਚ ਉਨ੍ਹਾਂ ਨੇ ਦੋਸ਼ ਲਾਇਆ ਸੀ ਕਿ ਵਿਰੋਧੀਆਂ ਨੇ ਉਨ੍ਹਾਂ ਦੇ ਘਰ ਬੰਬ ਪਲਾਂਟ ਕਰਾਇਆ ਸੀ। ਅੱਜ ਇਸ ਮਾਮਲੇ ਦੀ ਸੁਣਵਾਈ ਸੀ। ਇਸੇ ਕਰਕੇ ਉਨ੍ਹਾਂ ’ਤੇ ਕੇਸ ਵਾਪਸ ਲੈਣ ਲਈ ਦਬਾਅ ਪਾਇਆ ਜਾ ਰਿਹਾ ਸੀ। ਉਧਰ, ਪੁਲੀਸ ਦਾ ਕਹਿਣਾ ਸੀ ਕਿ ਉਹ ਦੋਹਾਂ ਧਿਰਾਂ ਦੇ ਬਿਆਨ ਲੈ ਕੇ, ਝਗੜੇ ਦੀ ਵੀਡੀਓ ਰਿਕਾਰਡਿੰਗ ਤੇ ਸੀਸੀਟੀਵੀ ਫੁਟੇਜ ਹਾਸਲ ਕਰ ਰਹੀ ਹੈ, ਜਿਸ ਤੋਂ ਬਾਅਦ ਕਾਰਵਾਈ ਕੀਤੀ ਜਾਵੇਗੀ। ਉਧਰ, ਜ਼ਿਲ੍ਹਾ ਬਾਰ ਕੌਂਸਲ ਦੇ ਪ੍ਰਧਾਨ ਨੇ ਇਸ ਘਟਨਾ ਦੀ ਨਿਖੇਧੀ ਕਰਦਿਆਂ ਕਿਹਾ ਕਿ ਬਾਰ ਕੌਂਸਲ ਦੀ ਭਲਕੇ ਮੀਟਿੰਗ ਰੱਖੀ ਗਈ ਹੈ, ਜਿਸ ਵਿੱਚ ਫ਼ੈਸਲਾ ਲਿਆ ਜਾਵੇਗਾ।