ਪੱਤਰ ਪ੍ਰੇਰਕ
ਮਾਨਸਾ, 5 ਜੁਲਾਈ
ਆਸ਼ਾ ਵਰਕਰ ਅਤੇ ਫੈਸਿਲੀਟੇਟਰ ਯੂਨੀਅਨ ਮਾਨਸਾ ਵੱਲੋਂ ਅੱਜ ਸਮੁੱਚਾ ਕੰਮ ਬੰਦ ਕਰ ਕੇ ਪੰਜਾਬ ਸਰਕਾਰ ਖਿਲਾਫ਼ ਧਰਨਾ ਲਗਾ ਕੇ ਪਿੱਟ-ਸਿਆਪਾ ਕੀਤਾ ਗਿਆ। ਜਥੇਬੰਦੀ ਵੱਲੋਂ ਐਲਾਨ ਕੀਤਾ ਗਿਆ ਕਿ ਭਲਕੇ 6 ਜੁਲਾਈ ਨੂੰ ਉਹ ਆਪਣੀਆਂ ਹੱਕੀ ਅਤੇ ਜਾਇਜ਼ ਮੰਗਾਂ ਮਨਵਾਉਣ ਲਈ ਕਾਲੀਆਂ ਚੁੰਨੀਆਂ ਲੈ ਕੇ ਸ਼ਹਿਰ ਵਿੱਚ ਪ੍ਰਦਰਸ਼ਨ ਕਰਨਗੀਆਂ। ਜਥੇਬੰਦੀ ਦੀ ਜ਼ਿਲ੍ਹਾ ਪ੍ਰਧਾਨ ਸੁਖਵਿੰਦਰ ਕੌਰ ਨੇ ਕਿਹਾ ਕਿ ਆਸ਼ਾ ਵਰਕਰਾਂ ਨੂੰ ਹਰਿਆਣਾ ਪੈਟਰਨ ’ਤੇ ਮਾਣਭੱਤਾ ਦਿੱਤਾ ਜਾਵੇ, ਫੈਸਿਲੀਟੇਟਰਾਂ ਨੂੰ 4 ਹਜ਼ਾਰ ਫਿਕਸ ਅਤੇ 500 ਰੁਪਏ ਪ੍ਰਤੀ ਟੂਰ ਦਿੱਤਾ ਜਾਵੇ।
ਧਨੌਲਾ (ਪੁਨੀਤ ਮੈਨਨ): ਪੀਐਚਸੀ ਧਨੌਲਾ ਦੀਆਂ ਆਸ਼ਾ ਵਰਕਰਾਂ ਅਤੇ ਫੈਸੀਲੀਟੇਟਰ ਯੂਨੀਅਨ ਵੱਲੋਂ ਅੱਜ ਕੰਮ ਬੰਦ ਕਰਕੇ ਧਰਨਾ ਪ੍ਰਦਰਸ਼ਨ ਕੀਤਾ ਗਿਆ। ਯੂਨੀਅਨ ਆਗੂ ਪਵਨਪ੍ਰੀਤ ਕੌਰ ਅਤੇ ਸਿਮਰਨਜੀਤ ਕੌਰ ਨੇ ਦੱਸਿਆ ਕਿ ਆਸ਼ਾ ਵਰਕਰਾਂ ਪਿਛਲੇ ਲੰਮੇਂ ਸਮੇਂ ਤੋਂ ਨਿਗੂਣੇ ਭੱਤੇ ’ਤੇ ਹਸਪਤਾਲਾਂ ਵਿੱਚ ਸੇਵਾਵਾਂ ਨਿਭਾਅ ਰਹੀਆਂ ਹਨ, ਪਰ ਸਰਕਾਰਾਂ ਵੱਲੋਂ ਉਨ੍ਹਾਂ ਨੂੰ ਅਣਗੌਲਿਆ ਜਾ ਰਿਹਾ ਹੈ।