ਜੋਗਿੰਦਰ ਮਾਨ
ਮਾਨਸਾ, 5 ਜੁਲਾਈ
ਮਾਨਸਾ ਨੇੜਲੇ ਪਿੰਡ ਮੂਸਾ ਵਿੱਚ ਕਰਜ਼ੇ ਤੋਂ ਤੰਗ ਆ ਕੇ ਮਜ਼ਦੂਰ ਸਤਨਾਮ ਸਿੰਘ (30) ਨੇ ਖੁਦਕੁਸ਼ੀ ਕਰ ਲਈ ਹੈ। ਉਹ ਮਜ਼ਦੂਰੀ ਕਰਕੇ ਆਪਣੇ ਪਰਿਵਾਰ ਦਾ ਪੇਟ ਪਾਲਦਾ ਸੀ। ਭਾਰਤੀ ਕਿਸਾਨ ਯੂਨੀਅਨ ਏਕਤਾ (ਡਕੌਂਦਾ) ਦੇ ਆਗੂ ਮੱਖਣ ਸਿੰਘ ਭੈਣੀਬਾਘਾ ਨੇ ਦੱਸਿਆ ਕਿ ਲੌਕਡਾਊਨ ਦੌਰਾਨ ਕੰਮ ਨਾ ਚੱਲਣ ਕਾਰਨ ਸਤਨਾਮ ਸਿੰਘ ਦਾ ਗੁਜ਼ਾਰਾ ਔਖਾ ਹੋ ਗਿਆ, ਇਸ ਲਈ ਉਸ ਨੂੰ ਕਰਜ਼ਾ ਚੁੱਕਣਾ ਪਿਆ। ਉਨ੍ਹਾਂ ਦੱਸਿਆ ਕਿ ਲੰਬਾ ਸਮਾਂ ਕੋਵਿਡ ਰਹਿਣ ਕਰਕੇ ਕੰਮ ਨਾ ਚੱਲ ਸਕਿਆ ਅਤੇ ਕਰਜ਼ਾ ਜਿਉਂ ਦੀ ਤਿਉਂ ਖੜ੍ਹਾ ਰਿਹਾ। ਉਨ੍ਹਾਂ ਕਿਹਾ ਕਿ ਕਰਜ਼ੇ ਤੋਂ ਤੰਗ ਆਕੇ ਸਤਨਾਮ ਸਿੰਘ ਨੇ ਫਾਹਾ ਲੈ ਲਿਆ। ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਮ੍ਰਿਤਕ ਦੇ ਪਰਿਵਾਰ ਨੂੰ ਗੁਜ਼ਾਰਾ ਚਲਾਉਣ ਲਈ ਮੁਆਵਜ਼ਾ ਦਿੱਤਾ ਜਾਵੇ। ਮਾਨਸਾ ਪੁਲੀਸ ਨੇ ਪੋਸਟ ਮਾਰਟਮ ਕਰਨ ਤੋਂ ਬਾਅਦ ਮ੍ਰਿਤਕ ਦੇਹ ਨੂੰ ਵਾਰਸਾਂ ਦੇ ਹਵਾਲੇ ਕਰ ਦਿੱਤਾ।