ਪੱਤਰ ਪ੍ਰੇਰਕ
ਰਤੀਆ, 5 ਜੁਲਾਈ
ਪਿੰਡ ਸਰਦਾਰੇਵਾਲਾ ’ਚ ਰਾਹ ਰੋਕ ਕੇ ਕੁੱਟਮਾਰ ਕਰਨ ਸਬੰਧੀ ਬਾਂਗੜ ਸਿੰਘ ਉਰਫ ਹਰਦੀਪ ਸਿੰਘ ਦੀ ਸ਼ਿਕਾਇਤ ’ਤੇ ਪਿੰਡ ਦੇ ਇਕ ਦੇ ਪਰਿਵਾਰ ਦੇ ਚਾਰ ਮੈਂਬਰਾਂ ਘੋਟਾ ਸਿੰਘ, ਹਰਜਿੰਦਰ ਸਿੰਘ, ਸੁਖਦੇਵ ਕੌਰ ਅਤੇ ਮੱਦਾ ਸਿੰਘ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ। ਸ਼ਿਕਾਇਤਕਰਤਾ ਬਾਂਗਡ ਸਿੰਘ ਨੇ ਦੱਸਿਆ ਕਿ ਪਿੰਡ ਦੀ ਫਿਰਨੀ ’ਤੇ ਪੰਚਾਇਤ ਨੇ ਉਸ ਨੂੰ ਪਲਾਟ ਦਿੱਤਾ ਹੋਇਆ ਹੈ। ਜਿਸ ’ਚ ਉਸ ਨੇ ਗਾਂ ਬੰਨ੍ਹੀ ਹੋਈ ਹੈ। ਬੀਤੇ ਦਿਨ ਉਸ ਦਾ ਬੇਟਾ ਚਮਕੌਰ ਸਿੰਘ ਪਲਾਟ ਵੱਲ ਜਾ ਰਿਹਾ ਸੀ ਤਾਂ ਰਸਤੇ ’ਚ ਉਕਤ ਮੁਲਜ਼ਮਾਂ ਨੇ ਰੋਕ ਕੇ ਉਸ ਦੀ ਕੁੱਟਮਾਰ ਕੀਤੀ। ਦੂਜੇ ਦਿਨ ਉਸ ਦਾ ਬੇਟਾ ਰਾਜਬੀਰ ਸਿੰਘ ਖੇਤ ਵੱਲ ਗਿਆ ਤਾਂ ਚਾਰਾਂ ਨੇ ਉਸ ਨੂੰ ਵੀ ਘੇਰ ਕੇ ਕੁੱਟਮਾਰ ਕੀਤੀ। ਜਦੋਂ ਬਚਾਅ ਲਈ ਉਸ ਨੇ ਰੋਲਾ ਪਾਇਆ ਤਾਂ ਰਾਜਬੀਰ ਦੀ ਪਤਨੀ ਮਦਦ ਲਈ ਆਈ। ਮੁਲਜ਼ਮਾਂ ਨੇ ਉਸ ’ਤੇ ਵੀ ਤਲਵਾਰ ਨਾਲ ਹਮਲਾ ਕਰ ਦਿੱਤਾ। ਜਿਸ ਕਾਰਨ ਰਾਜਬੀਰ ਦੀ ਪਤਨੀ ਗੰਭੀਰ ਜ਼ਖ਼ਮੀ ਹੋ ਗਈ। ਮੁਲਜ਼ਮ ਉਨ੍ਹਾਂ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੰਦੇ ਹੋਏ ਭੱਜ ਗਏ। ਬਾਂਗੜ ਸਿੰਘ ਨੇ ਦੋਸ਼ ਲਾਇਆ ਕਿ ਉਸ ਦਾ ਕਿਸੇ ਨਾਲ ਕੋਈ ਵਿਵਾਦ ਨਹੀਂ ਹੈ, ਪਰ ਉਕਤ ਲੋਕਾਂ ਵੱਲੋਂ ਉਸ ਦੇ ਬੇਟਿਆਂ ਨੂੰ ਖੇਤ ਜਾਣ ਵਾਲੇ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ। ਪੁਲੀਸ ਨੇ ਸ਼ਿਕਾਇਤ ਦੇ ਆਧਾਰ ’ਤੇ ਕੇਸ ਦਰਜ ਕਰਕੇ ਅਗਲੀ ਕਾਰਵਾਈ ਆਰੰਭ ਦਿੱਤੀ ਹੈ।