ਪੱਤਰ ਪ੍ਰੇਰਕ
ਐਸ.ਏ.ਐਸ. ਨਗਰ (ਮੁਹਾਲੀ), 5 ਜੁਲਾਈ
ਪੰਜਾਬ ਰਾਜ ਮਨਿਸਟਰੀਅਲ ਸਰਵਿਸਿਜ਼ ਯੂਨੀਅਨ ਦੇ ਸੱਦੇ ’ਤੇ ਡੀਸੀ ਦਫ਼ਤਰ ਦੇ ਮੁਲਾਜ਼ਮਾਂ ਵੱਲੋਂ ਇੱਥੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਬਾਹਰ ਛੇਵੇਂ ਤਨਖ਼ਾਹ ਕਮਿਸ਼ਨ ਦੀਆਂ ਕਾਪੀਆਂ ਸਾੜ ਕੇ ਪੰਜਾਬ ਸਰਕਾਰ ਦਾ ਪਿੱਟ ਸਿਆਪਾ ਕੀਤਾ ਗਿਆ ਅਤੇ ਹੁਕਮਰਾਨਾਂ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ। ਇਸ ਮੌਕੇ ਡੀਸੀ ਦਫ਼ਤਰ ਕਰਮਚਾਰੀ ਯੂਨੀਅਨ ਮੁਹਾਲੀ ਦੇ ਪ੍ਰਧਾਨ ਗੁਰਮੁੱਖ ਸਿੰਘ ਰੁੜਕਾ ਨੇ ਕਿਹਾ ਕਿ ਦਫ਼ਤਰੀ ਸਟਾਫ਼ ਕਾਫ਼ੀ ਦਿਨਾਂ ਤੋਂ ਹੜਤਾਲ ’ਤੇ ਹਨ ਪਰ ਪੰਜਾਬ ਸਰਕਾਰ ਮੁਲਾਜ਼ਮਾਂ ਦੀ ਸਾਰ ਨਹੀਂ ਲੈ ਰਹੀ ਹੈ, ਜਿਸ ਕਾਰਨ ਮੁਲਾਜ਼ਮ ਵਰਗ ਵਿੱਚ ਭਾਰੀ ਰੋਸ ਹੈ। ਉਨ੍ਹਾਂ ਕਿਹਾ ਕਿ ਸਰਕਾਰ ਧੱਕੇਸ਼ਾਹੀ ਨਾਲ ਤਨਖ਼ਾਹ ਕਮਿਸ਼ਨ ਲਾਗੂ ਕਰਕੇ ਮੁਲਾਜ਼ਮਾਂ ਦੇ ਹੱਕਾਂ ’ਤੇ ਡਾਕਾ ਮਾਰੀ ਰਹੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਮੁਲਾਜ਼ਮਾਂ ਦੀ ਮੰਗਾਂ ਹੱਲ ਕਰਨ ਲਈ ਸਬ ਕਮੇਟੀਆਂ ਬਣਾ ਕੇ ਡੰਗ ਸਾਰ ਰਹੀ ਹੈ। ਉਨ੍ਹਾਂ ਮੰਗ ਕੀਤੀ ਕਿ ਤਨਖ਼ਾਹ ਕਮਿਸ਼ਨ ਦੀਆਂ ਸਿਫ਼ਾਰਸ਼ਾਂ ਨਵੇਂ ਸਿਰਿਓਂ ਸੋਧ ਕੇ ਲਾਗੂ ਕੀਤੀਆਂ ਜਾਣ।
ਬੁਲਾਰਿਆਂ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਤੈਅ ਕੀਤੇ ਗੁਣਾਂਕ ਦੀ ਬਜਾਇ ਮੁਲਾਜ਼ਮਾਂ ਨੂੰ 3.01 ਦੇ ਗੁਣਾਂਕ ਨਾਲ ਤਨਖ਼ਾਹਾਂ ਨਿਰਧਾਰਤ ਕੀਤੀਆਂ ਜਾਣ ਅਤੇ ਮਹਿੰਗਾਈ ਨੂੰ ਦੇਖਦਿਆਂ ਤਨਖ਼ਾਹ ਕਮਿਸ਼ਨ ਵਿੱਚ ਘਟਾਏ ਗਏ ਭੱਤਿਆਂ ਦੀ ਪ੍ਰਤੀਸ਼ਤਤਾ ਵਧਾਈ ਜਾਵੇ। ਉਨ੍ਹਾਂ ਮੁਲਾਜ਼ਮਾਂ ਦੀਆਂ ਜਾਇਜ਼ ਮੰਗਾਂ ਨਾ ਮੰਨਣ ਦੀ ਸੂਰਤ ਵਿੱਚ ਲੜੀਵਾਰ ਸੰਘਰਸ਼ ਨੂੰ ਹੋਰ ਤਿੱਖਾ ਕਰਨ ਦੀ ਚਿਤਾਵਨੀ ਦਿੱਤੀ।
ਉਨ੍ਹਾਂ ਐਲਾਨ ਕੀਤਾ ਕਿ 7 ਜੁਲਾਈ ਨੂੰ ਕਾਲੇ ਝੰਡੇ ਲੈ ਕੇ ਮੋਟਰਸਾਈਕਲ ਰੈਲੀ ਕੱਢੀ ਜਾਵੇਗੀ। ਇਸ ਮੌਕੇ ਯੂਨੀਅਨ ਦੇ ਸੀਨੀਅਰ ਮੀਤ ਪ੍ਰਧਾਨ ਪੰਕਜ ਗੋਇਲ, ਗੁਰਿੰਦਰ ਸਿੰਘ, ਪ੍ਰਦੀਪ ਰਤਨ, ਹਰਪ੍ਰੀਤ ਸਿੰਘ, ਵਿਜੈ ਪ੍ਰਭਾਕਰ, ਕਰਮਜੀਤ ਕੌਰ, ਰਿਤੂ ਕਪੂਰ, ਰਮਨਦੀਪ ਸਿੰਘ ਸਮੇਤ ਜ਼ਿਲ੍ਹਾ ਮੁਹਾਲੀ ਇਕਾਈ ਦੇ ਹੋਰ ਅਹੁਦੇਦਾਰ ਅਤੇ ਮੁਲਾਜ਼ਮ ਹਾਜ਼ਰ ਸਨ।
ਜਲ ਸਪਲਾਈ ਤੇ ਸੈਨੀਟੇਸ਼ਨ ਯੂਨੀਅਨ ਵੱਲੋਂ ਮੁਜ਼ਾਹਰਾ
ਐਸ.ਏ.ਐਸ. ਨਗਰ (ਮੁਹਾਲੀ): ਜਲ ਸਪਲਾਈ ਤੇ ਸੈਨੀਟੇਸ਼ਨ ਐਂਪਲਾਈਜ਼ ਯੂਨੀਅਨ ਵੱਲੋਂ ਜ਼ਿਲ੍ਹਾ ਪ੍ਰਧਾਨ ਦਰਸ਼ਨ ਸਿੰਘ ਬਹਾਦਰਗੜ੍ਹ ਦੀ ਅਗਵਾਈ ਹੇਠ ਛੇਵੇਂ ਤਨਖ਼ਾਹ ਕਮਿਸ਼ਨ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ ਗਿਆ ਅਤੇ ਪੰਜਾਬ ਸਰਕਾਰ ਦਾ ਪੁਤਲਾ ਸਾੜ ਕੇ ਨਾਅਰੇਬਾਜ਼ੀ ਕੀਤੀ। ਇਸ ਮੌਕੇ ਬੁਲਾਰਿਆਂ ਨੇ ਕਿਹਾ ਕਿ ਅਕਾਲੀ ਸਰਕਾਰ ਵੱਲੋਂ 2011 ਵਿੱਚ ਜਿਹੜਾ ਤਨਖ਼ਾਹ ਕਮਿਸ਼ਨ ਵਿਚ ਸੋਧ ਕਰਕੇ ਸਕੇਲ ਦਿੱਤੇ ਸਨ ਉਸ ਵਿਚ ਫੀਲਡ ਮੁਲਾਜ਼ਮ ਦਰਜਾ ਤਿੰਨ ਅਤੇ ਦਰਜਾ ਚਾਰ ਦੇ ਸਕੇਲਾਂ ਵਿੱਚ ਅਨਾਮਲੀ ਆ ਗਈ ਸੀ। ਬਾਅਦ ਵਿੱਚ ਅਨਾਮਲੀ ਦੂਰ ਕਰਨ ਲਈ ਸਰਕਾਰ ਵੱਲੋਂ ਭਰੋਸਾ ਦਿੱਤਾ ਗਿਆ ਸੀ ਕਿ ਛੇਵੇਂ ਤਨਖ਼ਾਹ ਕਮਿਸ਼ਨ ਦੇ ਸਮੇਂ ਅਨਾਮਲੀ ਦੂਰ ਕਰਕੇ ਕਮਿਸ਼ਨ ਦੀ ਰਿਪੋਰਟ ਲਾਗੂ ਕੀਤੀ ਜਾਵੇਗੀ ਪਰ ਸਰਕਾਰ ਵੱਲੋਂ ਬਿਨਾਂ ਅਨਾਮਲੀ ਦੂਰ ਕੀਤੇ ਹੀ ਤਨਖ਼ਾਹ ਕਮਿਸ਼ਨ ਦੀਆਂ ਸਿਫ਼ਾਰਸ਼ਾਂ ਨੂੰ ਲਾਗੂ ਕੀਤਾ ਜਾ ਰਿਹਾ ਹੈ। ਆਗੂਆਂ ਨੇ ਮੰਗ ਕੀਤੀ ਕਿ ਸਰਵਿਸ ਰੂਲਾਂ ਵਿੱਚ ਕਲਰਕ, ਜੇਈ ਵਾਂਗ ਪੰਜ ਸਾਲ ਬਾਅਦ ਅਗਲਾ ਸਕੇਲ ਦਿੱਤਾ ਜਾਵੇ ਅਤੇ ਮਸਟਰੋਲ ਕਰਮਚਾਰੀਆਂ ਅਤੇ ਠੇਕਾ ਮੁਲਾਜ਼ਮਾਂ ਨੂੰ ਤੁਰੰਤ ਪੱਕਾ ਕੀਤਾ ਜਾਵੇ। ਇਸ ਮੌਕੇ ਹਿੰਮਤ ਸਿੰਘ, ਰਾਮਪਾਲ ਸ਼ਰਮਾ, ਟੇਕ ਸਿੰਘ, ਵਿਸ਼ਾਲ ਕੁਮਾਰ, ਅਜਾਇਬ ਸਿੰਘ, ਦਲੀਪ ਸਿੰਘ ਨੇ ਵੀ ਸੰਬੋਧਨ ਕੀਤਾ। -ਪੱਤਰ ਪ੍ਰੇਰਕ