ਹੁਸ਼ਿਆਰ ਸਿੰਘ ਰਾਣੂ
ਮਾਲੇਰਕੋਟਲਾ, 6 ਜੁਲਾਈ
ਪੰਜਾਬ ਅੰਦਰ ਖਾੜਕੂਵਾਦ ਦੌਰਾਨ ਚਰਚਿਤ ਰਹੇ ਸੇਵਾਮੁਕਤ ਡੀਜੀਪੀ( ਜੇਲ੍ਹਾਂ) ਪਦਮਸ੍ਰੀ ਮੁਹੰਮਦ ਇਜ਼ਹਾਰ ਆਲਮ (73) ਨਹੀਂ ਰਹੇ। ਉਨ੍ਹਾਂ ਨੇ ਆਪਣੀ ਚੰਡੀਗੜ੍ਹ ਸਥਿਤ ਰਿਹਾਇਸ਼ ‘ਤੇ ਆਖ਼ਰੀ ਸਾਹ ਲਏ। ਜਨਾਬ ਆਲਮ ਸ਼ੂਗਰ ਤੋਂ ਪੀੜਤ ਸਨ ਪਰ ਦਿਲ ਦਾ ਦੌਰਾ ਉਨ੍ਹਾਂ ਦੀ ਮੌਤ ਦਾ ਸਬੱਬ ਬਣਿਆ। ਜਨਾਬ ਆਲਮ ਦੀ ਨਮਾਜ਼ ਏ ਜਨਾਜ਼ਾ 7 ਜੁਲਾਈ ਨੂੰ ਸਰਹਿੰਦ ਸਥਿਤ ਰੋਜ਼ਾ ਸ਼ਰੀਫ਼ ਵਿਖੇ ਬਾਅਦ ਦੁਪਹਿਰ ਇਕ ਵਜੇ ਹੋੇਵੇਗੀ। ਉਹ ਆਪਣੇ ਪਿਛੇ ਤਿੰਨ ਬੇਟੇ ਅਤੇ ਦੋ ਬੇਟੀਆਂ ਛੱਡ ਗਏ ਹਨ। ਜਨਾਬ ਆਲਮ ਬਿਹਾਰ ਦੇ ਰਹਿਣ ਵਾਲੇ ਸਨ। ਉਨ੍ਹਾਂ ਆਪਣੀ ਮੁੱਢਲੀ ਸਿਖਿਆ ਮਦਰੱਸੇ ਤੋਂ ਹਾਸਲ ਕੀਤੀ ਸੀ। ਬਾਅਦ ‘ਚ ਉਨ੍ਹਾਂ ਆਈਪੀਐੱਸ ਕਰਕੇ ਪੰਜਾਬ ਕੇਡਰ ‘ਚ ਸੇਵਾਵਾਂ ਨਿਭਾਈਆਂ। ਉਨ੍ਹਾਂ ਜਿਥੇ ਪੰਜਾਬ ਪੁਲੀਸ ‘ਚ ਵੱਖ ਵੱਖ ਅਹੁਦਿਆਂ ‘ਤੇ ਸੇਵਾਵਾਂ ਨਿਭਭਾਈਆਂ ਉਥੇ ਉਹ ਸੇਵਾਮੁਕਤ ਹੋਣ ਉਪਰੰਤ ਪੰਜਾਬ ਵਕਫ਼ ਬੋਰਡ ਦੇ ਚੇਅਰਮੈਨ ਵੀ ਰਹੇ। ਉਹ ਅਮਾਰਤ ਏ ਸ਼ਰੀਆ ਪੰਜਾਬ ਦੇ ਬਾਨੀ ਚੇਅਰਮੈਨ ਵੀ ਸਨ। ਸੇਵਾਮੁਕਤ ਹੋਣ ਉਪਰੰਤ ਜਨਾਬ ਆਲਮ ਅਕਾਲੀ ਸਿਆਸਤ ‘ਚ ਸਰਗਰਮ ਹੋ ਗਏ, ਜਦ 2012 ਦੀਆਂ ਵਿਧਾਨ ਸਭਾ ਚੋਣਾਂ ਲਈ ਅਕਾਲੀ ਦਲ ਵੱਲੋਂ ਮਾਲੇਰਕੋਟਲਾ ਤੋਂ ਜਨਾਬ ਆਲਮ ਨੂੰ ਅਕਾਲੀ ਦਲ ਵੱਲੋਂ ਉਮੀਦਵਾਰ ਬਣਾਉਣ ਦੀ ਚਰਚਾ ਨੇ ਜ਼ੋਰ ਫੜਿਆ ਤਾਂ ਉਸ ਵਕਤ ਦਮਦਮੀ ਟਕਸਾਲ ਸਮੇਤ ਕਈ ਪੰਥਕ ਜਥੇਬੰਦੀਆਂ ਨੇ ਇਨ੍ਹਾਂ ਚਰਚਾਵਾਂ ਦੇ ਆਧਾਰ ‘ਤੇ ਅਕਾਲੀ ਦਲ ਦਾ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ ਫਿਰ ਅਕਾਲੀ ਦਲ ਨੇ ਜਨਾਬ ਆਲਮ ਦੀ ਪਤਨੀ ਫਰਜ਼ਾਨਾ ਨਿਸਾਰਾ ਖ਼ਾਤੂਨ ਨੂੰ ਮਾਲੇਰਕੋਟਲਾ ਤੋਂ ਸ਼੍ਰੋਮਣੀ ਅਕਾਲੀ ਦਲ ਦਾ ਉਮੀਦਵਾਰ ਬਣਾਇਆ ਤੇ ਉਹ ਮਾਲੇਰਕੋਟਲਾ ਤੋਂ ਵਿਧਾਇਕਾ ਚੁਣੀ ਗਈ ਅਤੇ ਅਕਾਲੀ ਸਰਕਾਰ ‘ਚ ਮੁੱਖ ਸੰਸਦੀ ਸਕੱਤਰ ਰਹੀ। ਜਨਾਬ ਆਲਮ ਅਤੇ ਬੀਬੀ ਫਰਜ਼ਾਨਾ ਆਲਮ ਸ਼੍ਰੋਮਣੀ ਅਕਾਲੀ ਦਲ ਦੇ ਮੀਤ ਪ੍ਰਧਾਨ ਰਹਿ ਚੁੱਕੇ ਹਨ। ਪਰਿਵਾਰਕ ਸੂਤਰਾਂ ਮੁਤਾਬਿਕ ਜਨਾਬ ਆਲਮ ਦੀ ਦੇਹ 7 ਜੁਲਾਈ ਨੂੰ ਸਰਹਿੰਦ ਸਥਿਤ ਰੋਜ਼ਾ ਸ਼ਰੀਫ ਵਿਖੇ ਸਪੁਰਦ- ਏ-ਖ਼ਾਕ ਕੀਤੀ ਜਾਵੇਗੀ। ਅਕਾਲੀ ਦਲ ਦੇ ਹਲਕਾ ਇੰਚਾਰਜ ਮੁਹੰਮਦ ਉਵੈਸ, ਅਕਾਲੀ ਦਲ ਸ਼ਹਿਰੀ ਦੇ ਪ੍ਰਧਾਨ ਸ਼ਫੀਕ ਚੌਹਾਨ, ਸਾਕਿਬ ਅਲੀ ਰਾਜਾ ਐੱਮਸੀ, ਐਡਵੋਕੇਟ ਮੁਹੰਮਦ ਸ਼ਮਸ਼ਾਦ ਐਡਵੋਕੇਟ ਸਾਬਕਾ ਚੇਅਰਮੈਨ ਮਾਰਕੀਟ ਕਮੇਟੀ, ਸਿਰਾਜ ਮਲਿਕ,ਸਾਬਰ ਅਲੀ ਢਿੱਲੋਂ ਦੋਨੋਂ ਸਾਬਕਾ ਚੇਅਰਮੈਨ ਨਗਰ ਸੁਧਾਰ ਟਰਸਟ ਮਾਲੇਰਕੋਟਲਾ, ਮੁਹੰਮਦ ਯੁਨਸ ਮੈਨੇਜਰ ਸਟਾਰ ਇੰਪੈਕਟ, ਜੈਗ਼ਮ ਅੱਬਾਸ,ਅਸਲਮ ਕਾਲਾ ਸ਼ਹਿਰੀ ਪ੍ਰਧਾਨ 1,ਗੁਰਮੇਲ ਸਿੰਘ ਨੌਧਰਾਣੀ, ਤਰਲੋਚਨ ਸਿੰਘ,ਗੁਰਦੀਪ ਸਿੰਘ ਸਾਰੇ ਸਰਕਲ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਹਲਕਾ ਮਾਲੇਰਕੋਟਲਾ,ਮੁਹੰਮਦ ਅਸ਼ਰਫ ਕੁਰੈਸ਼ੀ,ਬਸ਼ੀਰ ਰਾਣਾ,ਜੁਲਿਫਕਾਰ ਖਾਨ,ਮਨਪ੍ਰੀਤ ਬੱਗਾ ਐਡਵੋਕੇਟ,ਉਸਮਾਨ ਚੌਹਾਨ ਐਡਵੋਕਟ ਆਦਿ ਨੇ ਆਲਮ ਪਰਿਵਾਰ ਨਾਲ ਦੁੱਖ ਦਾ ਪ੍ਰਗਟਾਵਾ ਕਰਦਿਆਂ ਪਰਿਵਾਰ ਨਾਲ ਹਮਦਰਦੀ ਪ੍ਰਗਟ ਕੀਤੀ ਹੈ।