ਮਨੀਲਾ: ਫਿਲੀਪੀਨਜ਼ ਵਿਚ ਹੋਏ ਹਵਾਈ ਜਹਾਜ਼ ਹਾਦਸੇ ਵਿਚ ਮਰਨ ਵਾਲਿਆਂ ਦੀ ਗਿਣਤੀ 50 ਹੋ ਗਈ ਹੈ। ਇਸ ਤੋਂ ਇਲਾਵਾ 49 ਫੱਟੜ ਹਨ। ਅਧਿਕਾਰੀਆਂ ਮੁਤਾਬਕ ਸਾਰੇ ਸਵਾਰ ਲੱਭੇ ਜਾ ਚੁੱਕੇ ਹਨ। ਲੌਕਹੀਡ ਸੀ-130 ਹਰਕੁਲੀਜ਼ ਜਹਾਜ਼ 96 ਵਿਅਕਤੀਆਂ ਨੂੰ ਲਿਜਾ ਰਿਹਾ ਸੀ ਤੇ ਜ਼ਿਆਦਾਤਰ ਫ਼ੌਜੀ ਸਨ। ਸੁਲੂ ਸੂਬੇ ਵਿਚ ਉਤਰਨ ਵੇਲੇ ਐਤਵਾਰ ਇਹ ਜੋਲੋ ਹਵਾਈ ਅੱਡੇ ਦੀ ਪੱਟੀ ਤੋਂ ਬਾਹਰ ਨਿਕਲ ਗਿਆ ਸੀ। ਰਨਵੇਅ ਤੋਂ ਬਾਹਰ ਨਿਕਲ ਕੇ ਇਹ ਨਾਰੀਅਲ ਦੇ ਬਾਗ਼ ‘ਚ ਜਾ ਵੜਿਆ ਤੇ ਇਸ ਨੂੰ ਅੱਗ ਲੱਗ ਗਈ। ਫ਼ੌਜ, ਪੁਲੀਸ ਤੇ ਅੱਗ ਬੁਝਾਊ ਅਮਲੇ ਦੇ ਮੈਂਬਰਾਂ ਨੇ 49 ਫ਼ੌਜੀ ਜਵਾਨਾਂ ਨੂੰ ਬਚਾ ਲਿਆ। ਕੁਝ ਨੇ ਅੱਗ ਲੱਗਣ ਤੋਂ ਪਹਿਲਾਂ ਜਹਾਜ਼ ਤੋਂ ਬਾਹਰ ਛਾਲ ਮਾਰ ਦਿੱਤੀ ਸੀ। ਅਮਰੀਕੀ ਹਵਾਈ ਸੈਨਾ ਨੇ ਇਸੇ ਸਾਲ ਜਹਾਜ਼ ਦਾ ਨਵੀਨੀਕਰਨ ਕੀਤਾ ਸੀ ਤੇ ਇਸ ਨੂੰ ਫਿਲੀਪੀਨਜ਼ ਨੂੰ ਸੌਂਪਿਆ ਸੀ। -ਏਪੀ