ਰਾਜਵਿੰਦਰ ਰੌਂਤਾ
ਨਿਹਾਲ ਸਿੰਘ ਵਾਲਾ, 6 ਜੁਲਾਈ
ਮੋਗਾ-ਬਰਨਾਲਾ ਹਾਈਵੇਅ ਸਥਿਤ ਪਿੰਡ ਮਾਛੀਕੇ ਦੇ ਕਿਸਾਨਾਂ ਦੀ ਐਕੁਆਇਰ ਕੀਤੀ ਜ਼ਮੀਨ ਦੇ ਮੁਆਵਜ਼ੇ ਲਈ ਪਿਛਲੇ ਸੱਤ ਸਾਲ ਤੋਂ ਸੰਘਰਸ਼ ਜਾਰੀ ਹੈ। ਅੱਜ ਇਸ ਮਾਮਲੇ ਵਿੱਚ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਅਤੇ ਹੋਰ ਜਥੇਬੰਦੀਆਂ ਦੇ ਵਫ਼ਦ ਨੇ ਐੱਸਡੀਐੱਮ ਨਿਹਾਲ ਸਿੰਘ ਵਾਲਾ ਨੂੰ ਮਿਲਣਾ ਸੀ ਪਰ ਉਨ੍ਹਾਂ ਵੱਲੋਂ ਪਿਛਲੇ ਦਰਵਾਜ਼ੇ ’ਚੋਂ ਚਲੇ ਜਾਣ ਤੋਂ ਖ਼ਫ਼ਾ ਹੋਏ ਕਾਰਕੁਨਾਂ ਨੇ ਸਬੰਧਤ ਧਿਰਾਂ ਖਿਲਾਫ਼ ਨਾਅਰੇਬਾਜ਼ੀ ਕੀਤੀ। ਭਾਰਤੀ ਕਿਸਾਨ ਯੂਨੀਅਨ ਦੇ ਆਗੂਆਂ ਬੂਟਾ ਸਿੰਘ ਭਾਗੀਕੇ, ਗੁਰਚਰਨ ਰਾਮਾ ਤੇ ਨੌਜਵਾਨ ਭਾਰਤ ਸਭਾ ਦੇ ਕਰਮ ਰਾਮਾ ਨੇ ਦੱਸਿਆ ਕਿ ਉਨ੍ਹਾਂ ਅੱਜ ਕੌਮੀ ਮਾਰਗ ਲਈ ਐਕੁਆਇਰ ਕੀਤੀ ਜ਼ਮੀਨੇ ਦੇ ਰਹਿੰਦੇ ਮੁਆਵਜ਼ੇ ਲਈ ਐੱਸਡੀਐੱਮ ਨੂੰ ਮਿਲਣਾ ਸੀ। ਪਰ ਉਹ ਵਫ਼ਦ ਨੂੰ ਮਿਲਣ ਦਾ ਸਮਾਂ ਦੇ ਕੇ ਖ਼ੁਦ ਪਿਛਲੇ ਗੇਟ ਤੋਂ ਖਿਸਕ ਗਏ ਤੇ ਉਹ ਇੰਤਜ਼ਾਰ ਕਰਦੇ ਹੀ ਰਹਿ ਗਏ। ਵਫ਼ਦ ਨੇ ਕਿਹਾ ਕਿ ਉਹ ਕਿਸਾਨਾਂ ਦਾ ਮੁਆਵਜ਼ਾ ਦਿਵਾਉਣ ਲਈ ਮਦਦਗਾਰ ਰਹਿਣਗੇ ਅਤੇ ਲੋੜ ਪਈ ਤਾਂ ਤਿੱਖਾ ਸੰਘਰਸ਼ ਕਰਨ ਲਈ ਵੀ ਮਜਬੂਰ ਹੋਣਗੇ। ਐੱਸਡੀਐੱਮ ਰਾਮ ਸਿੰਘ ਨੇ ਕਿਹਾ ਕਿ ਉਨ੍ਹਾਂ ਨੂੰ ਜ਼ਰੂਰੀ ਰੁਝੇਵੇਂ ਕਾਰਨ ਜਾਣਾ ਪਿਆ।