ਸ਼ਗਨ ਕਟਾਰੀਆ
ਬਠਿੰਡਾ, 6 ਜੁਲਾਈ
ਭਾਰਤੀ ਕਿਸਾਨ ਯੂਨੀਅਨ (ਸਿੱਧੂਪੁਰ) ਵੱਲੋਂ ਅੱਜ ਇੱਥੇ ਮਿਨੀ ਸਕੱਤਰੇਤ ਦੇ ਚਾਰੇ ਗੇਟਾਂ ’ਤੇ ਪ੍ਰਦਰਸ਼ਨ ਕੀਤਾ ਗਿਆ। ਉਹ ਮੰਗ ਕਰ ਰਹੇ ਸਨ ਕਿ ਕਰੀਬ ਡੇਢ ਸਾਲ ਪਹਿਲਾਂ ਯੂਨੀਅਨ ਵੱਲੋਂ ਜੈਤੋ ’ਚ ਚੱਲੇ ਲੰਮੇ ਸੰਘਰਸ਼ ਦੌਰਾਨ ਪ੍ਰਵਾਨ ਕੀਤੀਆਂ ਮੰਗਾਂ ਨੂੰ ਸਰਕਾਰ ਅਮਲੀ ਰੂਪ ’ਚ ਲਾਗੂ ਕਰੇ।
ਜਥੇਬੰਦੀ ਦੇ ਆਗੂ ਰੇਸ਼ਮ ਸਿੰਘ ਯਾਤਰੀ ਨੇ ਦੱਸਿਆ ਕਿ ਜੈਤੋ ਅੰਦੋਲਨ ਪਰਾਲੀ ਨੂੰ ਅੱਗ ਲਾਉਣ ਵਾਲੇ ਕਿਸਾਨਾਂ ਨੂੰ ਲਾਏ ਜਾਂਦੇ ਜੁਰਮਾਨਿਆਂ ਖ਼ਿਲਾਫ਼ ਲਾਇਆ ਗਿਆ ਸੀ। ਇਸ ਅੰਦੋਲਨ ਨੇ ਕਿਸਾਨੀ ਨਾਲ ਸਬੰਧਿਤ ਹੋਰ ਮੰਗਾਂ ਬਾਰੇ ਵੀ ਆਵਾਜ਼ ਬੁਲੰਦ ਕੀਤੀ ਸੀ। ਸੰਘਰਸ਼ ਦੌਰਾਨ ਕੌੜਾ ਕੋਟੜਾ ਪਿੰਡ ਦੇ ਕਿਸਾਨ ਜਗਸੀਰ ਸਿੰਘ ਦਾ ਦੇਹਾਂਤ ਹੋ ਗਿਆ ਸੀ। ਸੰਘਰਸ਼ਕਾਰੀਆਂ ਨਾਲ ਗੱਲ ਕਰਨ ਲਈ ਪੰਜਾਬ ਸਰਕਾਰ ਤਰਫ਼ੋਂ ਸੰਦੀਪ ਸੰਧੂ ਆਏ ਸਨ ਅਤੇ ਉਨ੍ਹਾਂ ਵੱਲੋਂ ਕਿਸਾਨੀ ਮੰਗਾਂ ਪ੍ਰਤੀ ਸਾਰਥਕ ਹੁੰਗਾਰਾ ਭਰਨ ਸਮੇਤ ਮ੍ਰਿਤਕ ਜਗਸੀਰ ਸਿੰਘ ਦੇ ਪਰਿਵਾਰਕ ਜੀਅ ਨੂੰ ਨੌਕਰੀ ਤੇ ਮੁਆਵਜ਼ਾ ਦੇਣ ਤੋਂ ਇਲਾਵਾ ਕਰਜ਼ਾ ਮੁਆਫ਼ੀ ਦਾ ਭਰੋਸਾ ਦਿੱਤਾ ਸੀ। ਸ੍ਰੀ ਯਾਤਰੀ ਨੇ ਕਿਹਾ ਕਿ ਲੰਮਾ ਅਰਸਾ ਬੀਤਣ ’ਤੇ ਵੀ ਵਾਅਦੇ ਵਫ਼ਾ ਨਹੀਂ ਹੋਏ ਅਤੇ ਇਸ ਲਈ ਕਿਸਾਨਾਂ ਨੂੰ ਮੁੜ ਸੰਘਰਸ਼ ਦੇ ਅਖਾੜੇ ਵਿਚ ਨਿੱਤਰਣਾ ਪਿਆ ਹੈ। ਉਨ੍ਹਾਂ ਕਿਹਾ ਕਿ ਮੰਗਾਂ ਦੀ ਪੂਰਤੀ ਲਈ ਅੰਦੋਲਨ ਪੜਾਅਵਾਰ ਮਘਦਾ ਰੱਖਿਆ ਜਾਵੇਗਾ।