ਨਿੱਜੀ ਪੱਤਰ ਪ੍ਰੇਰਕ
ਅੰਬਾਲਾ, 6 ਜੁਲਾਈ
ਖ਼ਾਨ ਅਹਿਮਦਪੁਰ (ਬਰਾੜਾ) ਦੇ ਕਿਸਾਨ ਇੰਦਰਜੀਤ ਸਿੰਘ (45) ਨੇ ਫਾਈਨਾਂਸਰ ਅਤੇ ਆੜ੍ਹਤੀਆਂ ਵੱਲੋਂ ਲਏ ਪੈਸੇ ਨਾ ਮੋੜਨ ਅਤੇ ਧਮਕੀਆਂ ਤੋਂ ਤੰਗ ਆ ਕੇ ਅੱਜ ਸਵੇਰੇ ਸਲਫਾਸ ਖਾ ਕੇ ਖ਼ੁਦਕੁਸ਼ੀ ਕਰ ਲਈ। ਮੁਲਾਣਾ ਪੁਲੀਸ ਨੂੰ ਮ੍ਰਿਤਕ ਦੇ ਪੁੱਤਰ ਚਰਨਪਾਲ ਸਿੰਘ ਨੇ ਦੱਸਿਆ ਕਿ ਉਸ ਦਾ ਭਰਾ ਵਿਦੇਸ਼ ਵਿਚ ਰਹਿੰਦਾ ਹੈ। ਉਸ ਦੇ ਪਿਤਾ ਖੇਤੀਬਾੜੀ ਦਾ ਕੰਮ ਕਰਦੇ ਸਨ। ਬਰਾੜਾ ਵਿਚ ਫਾਈਨਾਂਸ ਦਾ ਕੰਮ ਕਰਨ ਵਾਲੇ ਥੰਬੜ ਨਿਵਾਸੀ ਕਰਨ ਰਾਣਾ ਅਤੇ ਵਿਕਰਮ ਰਾਣਾ, ਮੁਲਾਣਾ ਦੇ ਆੜ੍ਹਤੀਆਂ ਸੰਦੀਪ ਅਤੇ ਕੋਹਲੀ ਨੇ ਉਸ ਦੇ ਪਿਤਾ ਕੋਲੋਂ ਰਕਮਾਂ ਉਧਾਰ ਲਈਆਂ ਹੋਈਆਂ ਸਨ ਜੋ ਵਾਪਸ ਕਰਨ ਦੀ ਥਾਂ ਉਲਟਾ ਧਮਕੀਆਂ ਦੇ ਰਹੇ ਸਨ। ਇਸ ਕਰਕੇ ਉਸ ਦੇ ਪਿਤਾ ਕਾਫ਼ੀ ਦਬਾਅ ਹੇਠ ਸਨ। ਅੱਜ ਸਵੇਰੇ 6 ਵਜੇ ਉਹ ਝੋਨੇ ਨੂੰ ਪਾਣੀ ਲਾਉਣ ਗਏ ਸਨ ਜਿੱਥੇ ਉਨ੍ਹਾਂ ਨੇ ਸਲਫਾਸ ਖਾ ਲਈ। ਬੇਹੋਸ਼ੀ ਦੀ ਹਾਲਤ ਵਿਚ ਉਨ੍ਹਾਂ ਨੂੰ ਐੱਮਐੱਮ ਹਸਪਤਾਲ ਮੁਲਾਣਾ ਲਿਜਾਇਆ ਗਿਆ ਜਿੱਥੇ ਉਨ੍ਹਾਂ ਦੀ ਮੌਤ ਹੋ ਗਈ। ਡਾਕਟਰ ਨੂੰ ਉਸ ਦੇ ਪਿਤਾ ਦੀ ਕਮੀਜ਼ ਦੀ ਜੇਬ ਵਿੱਚੋਂ ਖ਼ੁਦਕੁਸ਼ੀ ਨੋਟ ਬਰਾਮਦ ਹੋਇਆ ਜਿਸ ਵਿਚ ਚਾਰਾਂ ਮੁਲਜ਼ਮਾਂ ਦਾ ਜ਼ਿਕਰ ਕੀਤਾ ਗਿਆ ਹੈ। ਮੁਲਾਣਾ ਪੁਲੀਸ ਨੇ ਖ਼ੁਦਕੁਸ਼ੀ ਨੋਟ ਆਪਣੇ ਕਬਜ਼ੇ ਵਿਚ ਲੈ ਕੇ ਵਿਕਰਮ ਰਾਣਾ, ਕਰਣ ਰਾਣਾ, ਸੰਦੀਪ ਅਤੇ ਕੋਹਲੀ ਆੜ੍ਹਤੀ ਦੇ ਖ਼ਿਲਾਫ਼ ਧਕੇਸ ਦਰਜ ਕਰ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।