ਦਵਿੰਦਰ ਪਾਲ
ਚੰਡੀਗੜ੍ਹ, 6 ਜੁਲਾਈ
ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੇ ਪ੍ਰਧਾਨ ਬਲਵੀਰ ਸਿੰਘ ਰਾਜੇਵਾਲ ਨੇ ਭਾਜਪਾ ਦੀ ਅਗਵਾਈ ਹੇਠਲੀ ਕੇਂਦਰ ਸਰਕਾਰ ਵੱਲੋਂ ਡੀਜ਼ਲ, ਪੈਟਰੋਲ, ਰਸੋਈ ਗੈਸ ਸਮੇਤ ਹੋਰਨਾਂ ਵਸਤਾਂ ’ਚ ਕੀਤੇ ਜਾ ਰਹੇ ਲਗਾਤਾਰ ਵਾਧੇ ਖ਼ਿਲਾਫ਼ ਸਮੂਹ ਵਰਗ ਦੇ ਲੋਕਾਂ ਨੂੰ ਮੈਦਾਨ ’ਚ ਨਿੱਤਰਨ ਦਾ ਸੱਦਾ ਦਿੱਤਾ ਹੈ।
ਅੱਜ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ੍ਰੀ ਰਾਜੇਵਾਲ ਨੇ ਕਿਹਾ ਕਿ ਖੇਤੀ ਕਾਨੂੰਨਾਂ ਵਿਰੁੱਧ ਕੌਮੀ ਪੱਧਰ ’ਤੇ ਲੜਾਈ ਲੜ ਰਹੀਆਂ ਕਿਸਾਨ ਜਥੇਬੰਦੀਆਂ ਨੇ 8 ਜੁਲਾਈ ਨੂੰ ਦੇਸ਼ ਵਿਆਪੀ ਪ੍ਰਦਰਸ਼ਨਾਂ ਦਾ ਸੱਦਾ ਦਿੱਤਾ ਹੈ, ਜਿਸ ਦੌਰਾਨ ਦੋ ਘੰਟਿਆਂ ਲਈ ਸੜਕਾਂ ’ਤੇ ਵਾਹਨ ਖੜ੍ਹੇ ਕੀਤੇ ਜਾਣਗੇ ਤੇ ਕੇਂਦਰ ਸਰਕਾਰ ਦੇ ਕੰਨ ਖੋਲ੍ਹਣ ਲਈ ਅੱਠ ਮਿੰਟ ਵਾਸਤੇ ਹਾਰਨ ਵਜਾਏ ਜਾਣਗੇ। ਉਨ੍ਹਾਂ ਆਖਿਆ ਕਿ ਮਹਿੰਗਾਈ ਤੋਂ ਦੁਖੀ ਲੋਕ ਅੱਠ ਜੁਲਾਈ ਨੂੰ ਸੜਕਾਂ ’ਤੇ ਆਉਣ। ਉਨ੍ਹਾਂ ਸਪੱਸ਼ਟ ਕੀਤਾ ਕਿ ਇਸ ਦੌਰਾਨ ਟਰੈਫਿਕ ਜਾਮ ਜਾਂ ਲੋਕਾਂ ਨੂੰ ਪ੍ਰੇਸ਼ਾਨ ਨਹੀਂ ਕੀਤਾ ਜਾਵੇਗਾ। ਰਾਜੇਵਾਲ ਨੇ ਕਿਹਾ ਕਿ 19 ਜੁਲਾਈ ਤੋਂ ਸ਼ੁਰੂ ਹੋ ਰਹੇ ਸੰਸਦ ਦੇ ਮੌਨਸੂਨ ਸੈਸ਼ਨ ਦੌਰਾਨ ਤਿੰਨ ਖੇਤੀ ਕਾਨੂੰਨਾਂ ਦੇ ਨਾਲ ਨਾਲ ਪੈਟਰੋਲ, ਡੀਜ਼ਲ ਤੇ ਰਸੋਈ ਗੈਸ ਦੀਆਂ ਕੀਮਤਾਂ ’ਚ ਵਾਧੇ ਦਾ ਵੀ ਵਿਰੋਧ ਕੀਤਾ ਜਾਵੇਗਾ। 22 ਜੁਲਾਈ ਤੋਂ ਰੋਜ਼ਾਨਾ 200 ਕਿਸਾਨਾਂ ਦਾ ਜਥਾ ਸੰਸਦ ਦਾ ਘਿਰਾਓ ਕਰੇਗਾ। ਘਿਰਾਓ ਕਰਨ ਵਾਲੇ ਕਿਸਾਨਾਂ ਨੂੰ ਪਛਾਣ ਪੱਤਰ ਦਿੱਤੇ ਜਾਣਗੇ ਤਾਂ ਜੋ ਕਿਸਾਨਾਂ ਦੀ ਆੜ ਵਿੱਚ ਗ਼ਲਤ ਅਨਸਰ ਅੰਦੋਲਨ ਵਿੱਚ ਸ਼ਾਮਲ ਨਾਲ ਹੋ ਸਕਣ। ਹਰ ਕਿਸਾਨ ਸੰਗਠਨ ਆਪਣੇ ਪੰਜ ਮੈਂਬਰ ਸੰਸਦ ਦਾ ਘਿਰਾਓ ਕਰਨ ਵਾਲੇ ਜਥੇ ਵਿੱਚ ਭੇਜੇਗਾ ਅਤੇ ਇਹ ਸਯੁੰਕਤ ਕਿਸਾਨ ਮੋਰਚੇ ਦਾ ਜੇਲ੍ਹ ਭਰੋ ਅੰਦੋਲਨ ਹੋਵੇਗਾ। ਉਨ੍ਹਾਂ ਕਿਹਾ ਕਿ ਜੇ ਪੁਲੀਸ ਕਿਸਾਨਾਂ ਨੂੰ ਅੱਗੇ ਵਧਣ ਤੋਂ ਰੋਕੇਗੀ ਤਾਂ ਕਿਸਾਨ ਜੇਲ੍ਹ ਜਾਣ ਨੂੰ ਵੀ ਤਿਆਰ ਹੋਣਗੇ। ਉਨ੍ਹਾਂ ਕਿਹਾ ਕਿ ਜੇਲ੍ਹ ਭਰੋ ਅੰਦੋਲਨ ਵਿੱਚ ਸ਼ਾਮਲ ਹੋਣ ਵਾਲੇ ਲੋਕ ਵੱਖ ਵੱਖ ਰਾਜਾਂ ਤੋਂ ਆਉਣਗੇ।
‘ਵਿਰੋਧੀ ਧਿਰਾਂ ਨੂੰ ਵੀ ਘੇਰਨਗੇ ਕਿਸਾਨ’
ਸ੍ਰੀ ਰਾਜੇਵਾਲ ਨੇ ਕਿਹਾ ਕਿ ਕਿਸਾਨ ਮੋਰਚੇ ਵੱਲੋਂ ਸਾਰੀਆਂ ਵਿਰੋਧੀ ਪਾਰਟੀ ਦੇ ਆਗੂਆਂ ਨੂੰ ਪੱਤਰ ਲਿਖ ਕੇ ਸੰਸਦ ਤੋਂ ਬਾਈਕਾਟ ਨਾ ਕਰਨ ਦੀ ਅਪੀਲ ਕੀਤੀ ਜਾਵੇਗੀ। ਜੇ ਸੰਸਦ ਦੇ ਅੰਦਰ ਕਿਸਾਨਾਂ ਦੇ ਹੱਕ ਵਿੱਚ ਬੋਲਣ ਦੀ ਥਾਂ ਕੋਈ ਆਗੂ ਬਾਹਰ ਆਵੇਗਾ ਤਾਂ ਉਨ੍ਹਾਂ ਦਾ ਵੀ ਵਿਰੋਧ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਕਿਸਾਨ ਹੁਣ ਵਿਰੋਧੀ ਧਿਰਾਂ ਨੂੰ ਵੀ ਲੰਮੇ ਹੱਥੀਂ ਲੈਣਗੇ।