ਨਵਕਿਰਨ ਸਿੰਘ
ਮਹਿਲ ਕਲਾਂ, 6 ਜੁਲਾਈ
ਖੇਤੀ ਕਾਨੂੰਨਾਂ ਖ਼ਿਲਾਫ਼ ਸੰਯੁਕਤ ਕਿਸਾਨ ਮੋਰਚੇ ਦੀ ਅਗਵਾਈ ਹੇਠ ਮਹਿਲ ਕਲਾਂ ਵਿੱਚ ਕਿਸਾਨਾਂ ਦਾ ਪੱਕਾ ਧਰਨਾ ਲਗਾਤਾਰ ਜਾਰੀ ਹੈ। ਅੱਜ ਕਿਸਾਨਾਂ ਵੱਲੋਂ 8 ਜੁਲਾਈ ਨੂੰ ਤੇਲ ਕੀਮਤਾਂ ਤੇ ਮਹਿੰਗਾਈ ਖਿਲਾਫ ਕੀਤੇ ਜਾਣ ਵਾਲੇ ਰੋਸ ਪ੍ਰਦਰਸ਼ਨ ਦੀ ਤਿਆਰੀ ਲਈ ਬਲਾਕ ਮਹਿਲ ਕਲਾਂ ਦੇ ਦਰਜਨਾਂ ਪਿੰਡਾਂ ਵਿੱਚ ਲਾਮਬੰਦੀ ਮਾਰਚ ਕੀਤਾ ਗਿਆ। ਮਹਿਲ ਕਲਾਂ, ਹਰਦਾਸਪੁਰਾ, ਧਨੇਰ, ਚੁਹਾਣਕੇ ਆਦਿ ਪਿੰਡਾਂ ‘ਚ ਕੀਤੇ ਗਏ ਲਾਮਬੰਦੀ ਮਾਰਚ ਦੌਰਾਨ ਕਿਸਾਨ ਆਗੂਆਂ ਜੱਗਾ ਸਿੰਘ ਛਾਪਾ, ਜਗਤਾਰ ਸਿੰਘ ਮੂੰਮ ਅਤੇ ਸ਼ਮਸ਼ੇਰ ਸਿੰਘ ਹੁੰਦਲ ਨੇ ਔਰਤਾਂ ਨੂੰ ਸੱਦਾ ਦਿੱਤਾ ਕਿ ਮਹਿੰਗਾਈ ਵਿਰੋਧੀ ਦਿਵਸ ਦੌਰਾਨ 8 ਜੁਲਾਈ ਨੂੰ ਸਿਲੰਡਰ ਲੈ ਕੇ ਘਰਾਂ ਤੋਂ ਸੜਕਾਂ ’ਤੇ ਆਉਣ। ਦੂਜੇ ਪਾਸੇ ਮਹਿਲ ਕਲਾਂ ਵਿੱਚਖੇ ਚੱਲ ਰਹੇ ਪੱਕੇ ਧਰਨੇ ਨੂੰ ਕਿਸਾਨ ਆਗੂ ਜਗਰਾਜ ਸਿੰਘ ਹਰਦਾਸਪੁਰਾ ਤੇ ਸੋਹਣ ਸਿੰਘ ਨੇ ਸੰਬੋਧਨ ਕੀਤਾ।
ਭੁੱਚੋ ਮੰਡੀ (ਪਵਨ ਗੋਇਲ): ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਵੱਲੋਂ ਨਵੇਂ ਖੇਤੀ ਕਾਨੂੰਨਾਂ ਖ਼ਿਲਾਫ਼ ਬੈਸਟ ਪ੍ਰਾਈਜ਼ ਮਾਲ ਭੁੱਚੋ ਖੁਰਦ ਅੱਗੇ 278 ਦਿਨਾਂ ਤੋਂ ਚੱਲ ਰਹੇ ਮੋਰਚੇ ਵਿੱਚ ਗਰਮੀ ਦੇ ਬਾਵਜੂਦ ਕਿਸਾਨ ਅਤੇ ਔਰਤਾਂ ਡਟੇ ਰਹੀਆਂ। ਇਸ ਦੌਰਾਨ ਉਨ੍ਹਾਂ ਤੇਲ ਕੀਮਤਾਂ ਦੇ ਵਾਧੇ ਖ਼ਿਲਾਫ਼ 8 ਜੁਲਾਈ ਨੂੰ ਕੌਮੀ ਮਾਰਗ ਦੇ ਕੰਢੇ ਵਾਹਨ ਖੜ੍ਹੇ ਕਰਕੇ ਰੋਸ ਮੁਜ਼ਾਹਰਾ ਕਰਨ ਦਾ ਐਲਾਨ ਕੀਤਾ। ਇਸ ਮੌਕੇ ਬਲਾਕ ਆਗੂ ਬਲਜੀਤ ਸਿੰਘ ਪੂਹਲਾ ਅਤੇ ਸਿਮਰਜੀਤ ਸਿੰਘ ਨੇ ਕਿਹਾ ਕਿ ਲੋਕਾਂ ਦੀ ਚੁਣੀ ਮੋਦੀ ਸਰਕਾਰ ਲੋਕਾਂ ਦੀ ਹੀ ਆਵਾਜ਼ ਸੁਣਨ ਨੂੰ ਤਿਆਰ ਨਹੀਂ ਹੈ। ਆਪਣੀ ਹੱਕੀ ਆਵਾਜ਼ ਉਠਾਉਣ ਵਾਲਿਆਂ ਖ਼ਿਲਾਫ਼ ਕੇਸ ਦਰਜ ਕਰਕੇ ਊਨ੍ਹਾਂ ਨੂੰ ਜੇਲ੍ਹਾਂ ਵਿੱਚ ਡੱਕ ਰਹੀ ਹੈ। ਇਸ ਦੀ ਮਿਸਾਲ ਆਦਿਵਾਸੀਆਂ ਦੇ ਹੱਕਾਂ ਲਈ ਬੋਲਣ ਵਾਲੇ ਪਾਦਰੀ ਸਟੈਨ ਸਵਾਮੀ ਦੀ ਮੌਤ ਤੋਂ ਮਿਲਦੀ ਹੈ।
ਬੁਢਲਾਡਾ (ਐੱਨ.ਪੀ. ਸਿੰਘ): 32 ਕਿਸਾਨ ਜਥੇਬੰਦੀਆਂ ਵਾਲੇ ਕਿਸਾਨ ਮੋਰਚੇ ਵੱਲੋਂ ਇੱਥੋਂ ਦੇ ਰਿਲਾਇੰਸ ਪੈਟਰੋਲ ਪੰਪ ਉੱਤੇ ਚੱਲ ਰਿਹਾ ਕਿਸਾਨ ਧਰਨਾ ਅੱਜ 278ਵੇਂ ਦਿਨ ਵਿੱਚ ਸ਼ਾਮਿਲ ਹੋਇਆ, ਜਿਸ ਦੌਰਾਨ ਕਿਸਾਨਾਂ ਨੇ ਕੇਂਦਰ ਖ਼ਿਲਾਫ਼ ਤਿੱਖੀ ਨਾਅਰੇਬਾਜ਼ੀ ਕੀਤੀ। ਇਸ ਮੌਕੇ ਧਰਨੇ ਨੂੰ ਬੀ.ਕੇ.ਯੂ ਡਕੌਂਦਾ ਦੇ ਜ਼ਿਲ੍ਹਾ ਪ੍ਰਧਾਨ ਮਹਿੰਦਰ ਸਿੰਘ ਦਿਆਲਪੁਰਾ, ਸਵਰਨਜੀਤ ਸਿੰਘ ਦਲਿਓ ਤੇ ਅਜਾਇਬ ਸਿੰਘ ਗੁਰਨੇਕਲਾਂ ਸਣੇ ਹੋਰਨਾਂ ਨੇ ਸੰਬੋਧਨ ਕੀਤਾ।
ਰਾਮਪੁਰਾ ਫੂਲ (ਗੁਰਵਿੰਦਰ ਸਿੰਘ): ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ’ਤੇ ਰਾਮਪੁਰਾ ਰੇਲਵੇ ਸਟੇਸ਼ਨ ’ਤੇ ਲੱਗਿਆ ਪੱਕਾ ਮੋਰਚਾ 279 ਵੇ ਦਿਨ ਵਿੱਚ ਦਾਖਲ ਹੋ ਗਿਆ, ਜਿਸ ਵਿੱਚ ਕਿਸਾਨਾਂ, ਮਜ਼ਦੂਰਾਂ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਔਰਤਾਂ ਨੇ ਵੀ ਸ਼ਮੂਲੀਅਤ ਕੀਤੀ। ਅੱਜ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਬਲਾਕ ਪ੍ਰਧਾਨ ਸਵਰਨ ਸਿੰਘ ਭਾਈਰੂਪਾ, ਗੁਰਦੀਪ ਸਿੰਘ ਸੇਲਬਰਾਹ ਤੇ ਸੁਖਵਿੰਦਰ ਸਿੰਘ ਭਾਈਰੂਪਾ ਨੇ ਧਰਨੇ ਨੂੰ ਸੰਬੋਧਨ ਕਰਦਿਆਂ ਮੋਦੀ ਸਰਕਾਰ ਨੂੰ ਭੰਡਿਆ।
ਬਰੇਟਾ (ਸੱਤ ਪ੍ਰਕਾਸ਼ ਸਿੰਗਲਾ): ਇਥੇ ਰੇਲਵੇ ਸਟੇਸ਼ਨ ਦੀ ਪਾਰਕਿੰਗ ਵਿੱਚ ਸਾਂਝਾ ਕਿਸਾਨ ਮੋਰਚਾ ਅਤੇ ਇਕ ਪੈਟਰੋਲ ਪੰਪ ’ਤੇ ਭਾਰਤੀ ਕਿਸਾਨ ਯੂਨੀਅਨ ਦੇ ਧਰਨੇ ਰੋਜ਼ਾਨਾ ਲੱਗ ਰਹੇ ਹਨ, ਜਿਨ੍ਹਾਂ ਵਿੱਚ ਸਰਕਾਰਾਂ ਦਾ ਲਗਾਤਾਰ ਵਿਰੋਧ ਜਾਰੀ ਹੈ। ਅੱਜ ਦੇ ਬੁਲਾਰਿਆਂ ਵਿੱਚ ਜਗਰੂਪ ਸਿੰਘ, ਗੁਰਜੰਟ ਸਿੰਘ, ਦਰਸ਼ਨ ਸਿੰਘ ਮਘਾਣੀਆਂ ਤੇ ਅਮਰਜੀਤ ਕੌਰ ਸਣੇ ਹੋਰ ਆਗੂ ਮੌਜੂਦ ਸਨ।
ਰੋਸ ਪ੍ਰਦਰਸ਼ਨ ਦੀਆਂ ਤਿਆਰੀਆਂ ਮੁਕੰਮਲ: ਰਾਮਕਰਨ ਰਾਮਾਂ
ਤਲਵੰਡੀ ਸਾਬੋ (ਜਗਜੀਤ ਸਿੰਘ ਸਿੱਧੂ): ਭਾਰਤੀ ਕਿਸਾਨ ਯੂਨੀਅਨ (ਲੱਖੋਵਾਲ) ਦੇ ਸੂਬਾ ਸਕੱਤਰ ਜਨਰਲ ਰਾਮਕਰਨ ਸਿੰਘ ਰਾਮਾਂ ਨੇ ਕਿਹਾ ਕਿ ਆਏ ਦਿਨ ਡੀਜ਼ਲ, ਪੈਟਰੋਲ ਅਤੇ ਰਸੋਈ ਗੈਸ ਦੀਆਂ ਵਧ ਰਹੀਆਂ ਕੀਮਤਾਂ ਖ਼ਿਲਾਫ਼ ਸੰਯੁਕਤ ਕਿਸਾਨ ਮੋਰਚੇ ਵੱਲੋਂ ਦੇਸ਼ ਭਰ ਵਿੱਚ 8 ਜੁਲਾਈ ਨੂੰ ਰੋਸ ਪ੍ਰਦਰਸ਼ਨ ਕਰਨ ਦੇ ਸੱਦੇ ਦੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਸੂਬਾ ਕਿਸਾਨ ਆਗੂ ਨੇ ਕਿਹਾ ਕਿ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਲੋਕਾਂ ਨੂੰ ਲੁੱਟਣ ਲਈ ਕਾਰਪੋਰੇਟ ਘਰਾਣਿਆਂ ਅਤੇ ਪ੍ਰਾਈਵੇਟ ਕੰਪਨੀਆਂ ਨੂੰ ਖੁੱਲ੍ਹ ਦੇ ਰੱਖੀ ਹੈ ਤੇ ਡੀਜ਼ਲ, ਪੈਟਰੋਲ, ਰਸੋਈ ਗੈਸ ਸਮੇਤ ਹਰ ਨਿੱਤ ਵਰਤੋਂ ਵਾਲੀ ਵਸਤੂ ਦੇ ਰੇਟ ਆਏ ਦਿਨ ਆਪਣੀ ਮਰਜ਼ੀ ਨਾਲ ਵਧਾਏ ਜਾ ਰਹੇ ਹਨ, ਜਿਨ੍ਹਾਂ ਖ਼ਿਲਾਫ਼ ਕਿਸਾਨਾਂ ਵੱਲੋਂ ਪ੍ਰਦਰਸ਼ਨ ਕੀਤਾ ਜਾਵੇਗਾ।