ਪੀਪੀ ਵਰਮਾ
ਪੰਚਕੂਲਾ, 7 ਜੁਲਾਈ
ਪੰਚਕੂਲਾ ਦੇ ਬੈਲਾ ਵਿਸ਼ਟਾ ਚੌਕ ਉੱਤੇ ਅੱਜ ਮਹਿਲਾ ਕਾਂਗਰਸ ਵਿੰਗ ਵੱਲੋਂ ਜ਼ੋਰਦਾਰ ਪ੍ਰਦਰਸ਼ਨ ਕੀਤਾ ਗਿਆ। ਇਹ ਪ੍ਰਦਰਸ਼ਨ ਕੇਂਦਰ ਸਰਕਾਰ ਵੱਲੋਂ ਲਗਾਏ ਜਾ ਰਹੇ ਟੈਕਸਾਂ ਦੇ ਵਿਰੋਧ ਵਿੱਚ ਸੀ। ਦਿਨੋਂ ਦਿਨ ਵੱਧ ਰਹੀ ਮਹਿੰਗਾਈ ਦੇ ਖ਼ਿਲਾਫ਼ ਪ੍ਰਦਰਸ਼ਨ ਵਿੱਚ ਵੱਡੀ ਗਿਣਤੀ ਵਿੱਚ ਮਹਿਲਾਵਾਂ ਸ਼ਾਮਿਲ ਹੋਈਆਂ। ਇਸ ਪ੍ਰਦਰਸ਼ਨ ਦੀ ਅਗਵਾਈ ਮਹਿਲਾ ਕਾਂਗਰਸ ਦੀ ਪ੍ਰਧਾਨ ਸੂਧਾ ਭਾਰਦਵਾਜ ਦੇ ਕੀਤੀ। ਉਨ੍ਹਾਂ ਮਹਿਲਾਵਾਂ ਅਤੇ ਆਮ ਜਨਤਾ ਨੂੰ ਕਿਹਾ ਕਿ ਸਬਜ਼ੀਆਂ, ਰਸੋਈ ਗੈਸ, ਦਾਲਾਂ ਅਤੇ ਹੋਰ ਕਈ ਚੀਜ਼ਾਂ ਦੇ ਰੇਟ ਚਾਰ ਗੁਣਾਂ ਵੱਧ ਗਏ ਹਨ। ਪ੍ਰਦਰਸ਼ਨ ਵਿੱਚ ਸ਼ਾਮਿਲ ਮਹਿਲਾਵਾਂ ਨੇ ਭਾਂਡੇ ਖੜਕਾਏ ਅਤੇ ਆਰਜ਼ੀ ਰਸੋਈ ਵੀ ਬਣਾਈ ਹੋਈ ਸੀ, ਜਿਸ ਰਾਹੀ ਦੱਸਿਆ ਜਾ ਰਿਹਾ ਸੀ ਕਿ ਰਸੋਈ ਵਿੱਚ ਵਰਤਿਆ ਜਾਣ ਵਾਲਾ ਸਾਮਾਨ ਚਾਰ ਗੁਣਾਂ ਵੱਧ ਗਿਆ ਹੈ। ਵੱਖਰੇ ਬਿਆਨ ਵਿੱਚ ਕਾਂਗਰਸ ਦੀ ਸੀਨੀਅਰ ਨੇਤਾ ਅਤੇ ਨਗਰ ਨਿਗਮ ਦੀ ਸਾਬਕਾ ਪ੍ਰਧਾਨ ਬੀਬੀ ਮਨਵੀਰ ਕੌਰ ਗਿੱਲ ਨੇ ਵੀ ਵੱਧ ਰਹੀ ਮਹਿੰਗਾਈ ਦੇ ਖਿਲਾਫ ਰੋਸ ਪ੍ਰਗਟ ਕੀਤਾ।