ਚੰਡੀਗੜ੍ਹ, 6 ਜੁਲਾਈ
ਹਰਿਆਣਾ ਤੇ ਪੰਜਾਬ ਵਿਚ ਲਗਾਤਾਰ ਸਖ਼ਤ ਗਰਮੀ ਪੈ ਰਹੀ ਹੈ। ਗੁਰੂਗ੍ਰਾਮ ਦਾ ਵੱਧ ਤੋਂ ਵੱਧ ਤਾਪਮਾਨ ਅੱਜ 42.6 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਇਹ ਆਮ ਨਾਲੋਂ ਪੰਜ ਡਿਗਰੀ ਵੱਧ ਸੀ। ਹਰਿਆਣਾ ਵਿਚ ਗੁਰੂਗ੍ਰਾਮ ਸਭ ਤੋਂ ਵੱਧ ਗਰਮ ਰਿਹਾ।
ਇਸੇ ਤਰ੍ਹਾਂ ਪੰਜਾਬ ਦੇ ਬਠਿੰਡਾ ਵਿਚ ਤਾਪਮਾਨ 40.2 ਡਿਗਰੀ, ਪਟਿਆਲਾ ਵਿਚ 40.6 ਡਿਗਰੀ ਰਿਕਾਰਡ ਕੀਤਾ ਗਿਆ। ਇਹ ਆਮ ਨਾਲੋਂ ਵੱਧ ਸੀ। ਅੰਮ੍ਰਿਤਸਰ ਵਿਚ ਵੱਧ ਤੋਂ ਵੱਧ ਤਾਪਮਾਨ 40.3, ਲੁਧਿਆਣਾ ਵਿਚ 38.2 ਰਿਕਾਰਡ ਕੀਤਾ ਗਿਆ। ਚੰਡੀਗੜ੍ਹ ਦਾ ਤਾਪਮਾਨ 39 ਡਿਗਰੀ ਸੈਲਸੀਅਸ ਰਿਹਾ। ਇਹ ਵੀ ਆਮ ਨਾਲੋਂ ਚਾਰ ਵੱਧ ਸੀ। ਹਰਿਆਣਾ ਦੇ ਹਿਸਾਰ ਦਾ ਵੱਧ ਤੋਂ ਵੱਧ ਤਾਪਮਾਨ 41.5 ਡਿਗਰੀ ਰਿਹਾ। ਨਾਰਨੌਲ ਤੇ ਭਿਵਾਨੀ ਦਾ ਵੱਧ ਤੋਂ ਵੱਧ ਤਾਪਮਾਨ 41.2 ਡਿਗਰੀ ਤੇ 41.4 ਡਿਗਰੀ ਸੈਲਸੀਅਸ ਰਿਹਾ। ਅੰਬਾਲਾ ਦਾ ਤਾਪਮਾਨ 39.7 ਡਿਗਰੀ ਰਿਹਾ। ਜਦਕਿ ਕਰਨਾਲ ਦਾ ਵੱਧ ਤੋਂ ਵੱਧ ਤਾਪਮਾਨ 38.8 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। -ਪੀਟੀਆਈ
ਪੱਛਮੀ ਤੱਟ ’ਤੇ ਨੌਂ ਜੁਲਾਈ ਤੋਂ ਮੀਂਹ ਵਧਣਾ ਸ਼ੁਰੂ ਹੋਵੇਗਾ
ਨਵੀਂ ਦਿੱਲੀ: ਭਾਰਤੀ ਮੌਸਮ ਵਿਭਾਗ ਦਾ ਕਹਿਣਾ ਹੈ ਕਿ ਪੱਛਮੀ ਤੱਟ ’ਤੇ ਮੀਂਹ 9 ਜੁਲਾਈ ਤੋਂ ਵਧਣਾ ਸ਼ੁਰੂ ਹੋਵੇਗਾ। ਦੱਖਣ-ਪੱਛਮੀ ਮਾਨਸੂਨ ਕੁਝ ਦੇਰ ਰੁਕਣ ਮਗਰੋਂ ਦੁਬਾਰਾ ਉੱਭਰ ਰਹੀ ਹੈ। ਉੱਤਰ-ਪੂਰਬੀ ਭਾਰਤ ਵਿਚ ਮੀਂਹ 9 ਜੁਲਾਈ ਤੋਂ ਘਟਣਾ ਸ਼ੁਰੂ ਹੋ ਜਾਵੇਗਾ। ਵਿਭਾਗ ਮੁਤਾਬਕ ਅਰਬ ਸਾਗਰ ’ਤੇ ਦੱਖਣ-ਪੱਛਮੀ ਮਾਨਸੂਨ ਮਜ਼ਬੂੁਤ ਹੋਣ ਕਾਰਨ ਪੱਛਮੀ ਤੱਟ ’ਤੇ ਜ਼ਿਆਦਾ ਮੀਂਹ ਪਏਗਾ। ਕੌਂਕਣ ਤੇ ਗੋਆ, ਕਰਨਾਟਕ, ਕੇਰਲਾ ਵਿਚ ਨੌਂ ਜੁਲਾਈ ਤੋਂ ਬਾਅਦ ਭਰਵਾਂ ਮੀਂਹ ਪੈਣ ਦੀ ਸੰਭਾਵਨਾ ਹੈ। ਬੰਗਾਲ ਦੀ ਖਾੜੀ ਵਿਚੋਂ ਵੀ ਹੇਠਲੇ ਪੱਧਰ ਉਤੇ ਨਮੀ ਭਰੀ ਹਵਾ ਚੱਲਣ ਦੀ ਪੇਸ਼ੀਨਗੋਈ ਕੀਤੀ ਗਈ ਹੈ ਜੋ ਕਿ ਪੂਰਬੀ ਭਾਰਤ ਵਿਚ ਕਈ ਹਿੱਸਿਆਂ ’ਤੇ ਛਾ ਗਈ ਹੈ। ਮਾਨਸੂਨ ਦੇ 10 ਜੁਲਾਈ ਤੱਕ ਪੰਜਾਬ ਤੇ ਹਰਿਆਣਾ ਪਹੁੰਚਣ ਦੀ ਸੰਭਾਵਨਾ ਹੈ। -ਪੀਟੀਆਈ