ਸਰਬਜੀਤ ਸਿੰਘ ਭੰਗੂ
ਪਟਿਆਲਾ, 7 ਜੁਲਾਈ
ਦੋ ਮਹੀਨੇ ਪਹਿਲਾਂ ਕੇਂਦਰੀ ਜੇਲ੍ਹ ਪਟਿਆਲਾ ਵਿਚੋਂ ਦੋ ਹੋਰ ਸਾਥੀਆਂ ਸਮੇਤ ਫ਼ਰਾਰ ਹੋਇਆ ਜਸਪ੍ਰੀਤ ਸਿੰਘ ਨੂਪੀ ਪੁਲੀਸ ਦੇ ਕਾਬੂ ਆ ਗਿਆ। ਰੋਪੜ ਜ਼ਿਲ੍ਹੇ ਨਾਲ ਸਬੰਧਤ ਸਾਬਕਾ ਫੌਜੀ ਨੂਪੀ ਕਤਲ ਕੇਸ ਵਿੱਚ ਪਟਿਆਲਾ ਜੇਲ੍ਹ ਵਿੱਚ ਹਵਾਲਾਤੀ ਵਜੋਂ ਬੰਦ ਸੀ, ਜਿਸ ਨੂੰ ਖੰਨਾ ਪੁਲੀਸ ਵੱਲੋਂ ਗ੍ਰਿਫ਼ਤਾਰ ਕਰਕੇ ਪੰਜ ਦਿਨਾਂ ਦਾ ਰਿਮਾਂਡ ਲਿਆ ਹੈ। ਪਟਿਆਲਾ ਦੇ ਡੀਐੱਸਪੀ ਸਿਟੀ ਟੂ ਸੌਰਵ ਜਿੰਦਲ ਨੇ ਨੂਪੀ ਦੀ ਗ੍ਰਿਫ਼ਤਾਰੀ ਦੀ ਪੁਸ਼ਟੀ ਕੀਤੀ ਹੈ। ਉਨ੍ਹਾਂ ਦਾ ਮੰਨਣਾ ਹੈ ਕਿ ਖੰਨਾ ਪੁਲੀਸ ਦਾ ਰਿਮਾਂਡ ਖਤਮ ਹੋਣ ਮਗਰੋਂ ਹੀ ਉਸ ਨੂੰ ਪਟਿਆਲਾ ਲਿਆਂਦਾ ਜਾਵੇਗਾ। ਨੂਪੀ ਦੋ ਹੋਰ ਕੈਦੀਆਂ ਸਮੇਤ ਸਤਾਈ/ਅਠਾਈ ਅਪਰੈਲ ਦੀ ਰਾਤ ਨੂੰ ਪਟਿਆਲਾ ਜੇਲ੍ਹ ਦੀ ਕੰਧ ਟੱਪ ਕੇ ਫ਼ਰਾਰ ਹੋ ਗਿਆ ਸੀ, ਜਿਨ੍ਹਾਂ ਵਿੱਚੋਂ ਇੰਦਰਜੀਤ ਧਿਆਨਾ ਤਾਂ ਪਟਿਆਲਾ ਦੇ ਡੀਐੱਸਪੀ (ਡੀ) ਕ੍ਰਿਸ਼ਨ ਪਾਂਥੇ ਦੀ ਦੇਖ ਰੇਖ ਹੇਠਾਂ ਸੀਆਈਏ ਪਟਿਆਲਾ ਦੇ ਇੰਚਾਰਜ ਰਾਹੁਲ ਕੌਸ਼ਲ ਤੇ ਟੀਮ ਵਲੋਂ ਕਪੂਰਥਲਾ ਪੁਲੀਸ ਦੇ ਸਹਿਯੋਗ ਨਾਲ ਹਫ਼ਤੇ ਮਗਰੋਂ ਹੀ ਕਾਬੂ ਕਰ ਲਿਆ ਸੀ। ਧਿਆਨਾ ਨਸ਼ਾ ਤਸਕਰੀ ਕੇਸ ਚ ਸਜ਼ਾ ਯਾਫਤਾ ਹੈ ਪਰ ਫ਼ਰਾਰ ਹੋਇਆ ਤੀਜਾ ਕੈਦੀ ਸ਼ੇਰ ਸਿੰਘ ਸ਼ੇਰਾ ਅਜੇ ਵੀ ਪੁਲੀਸ ਦੀ ਗ੍ਰਿਫਤ ਵਿਚੋਂ ਬਾਹਰ ਹੈ। ਸ਼ੇਰਾ ਇਸ ਕਰਕੇ ਹੋਰ ਵੀ ਮਹੱਤਵਪੂਰਨ ਹੈ ਕਿਉਂਕਿ ਉਸ ਨੂੰ ਯੂਕੇ ਵਿਚ ਕਤਲ ਦੇ ਕੇਸ ਅਧੀਨ 22 ਸਾਲਾਂ ਦੀ ਕੈਦ ਦੀ ਸਜ਼ਾ ਹੋਣ ਮਗਰੋਂ ਕੈਦੀਆਂ ਦੇ ਤਬਾਦਲੇ ‘ਤੇ ਅਧਾਰਤ ਵਿਸ਼ੇਸ਼ ਸੰਧੀ ਤਹਿਤ ਭਾਰਤ ਲਿਆਂਦਾ ਗਿਆ ਸੀ। ਉਹ ਵੀ ਪਟਿਆਲਾ ਜੇਲ੍ਹ ਵਿਚੋਂ ਨੂਪੀ ਤੇ ਧਿਆਨਾ ਸਮੇਤ ਫਰਾਰ ਹੋ ਗਿਆ ਸੀ। ਪਟਿਆਲਾ ਦੇ ਡੀਆਈਜੀ ਵਿਕਰਮਜੀਤ ਦੁੱਗਲ ਅਤੇ ਐੱਸਐੱਸਪੀ ਡਾ. ਸੰਦੀਪ ਗਰਗ ਦਾ ਕਹਿਣਾ ਹੈ ਕਿ ਸ਼ੇਰਾ ਨੂੰ ਵੀ ਜਲਦੀ ਹੀ ਕਾਬੂ ਕਰ ਲਿਆ ਜਾਵੇਗਾ।