ਕੇ.ਪੀ ਸਿੰਘ
ਗੁਰਦਾਸਪੁਰ , 7 ਜੁਲਾਈ
ਇੱਥੋਂ ਦੀ ਤਿੱਬੜੀ ਰੋਡ ’ਤੇ ਬਾਈਪਾਸ ਨੇੜੇ ਸਥਿਤ ਗੁਰਦੁਆਰੇ ਨੇੜੇ ਇਕ ਫ਼ੌਜੀ ਨੌਜਵਾਨ ਦੀਪਕ ਠਾਕੁਰ ਦੀ ਹੱਤਿਆ ਦੇ ਮਾਮਲੇ ਵਿਚ ਚਾਰ ਜਣਿਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਉਨ੍ਹਾਂ ਦੀ ਪਛਾਣ ਗੁਰਜੀਤ ਸਿੰਘ, ਉਸ ਦੀ ਪਤਨੀ ਹਰਜੀਤ ਕੌਰ, ਉਨ੍ਹਾਂ ਦੇ ਲੜਕੇ ਦਰਕੀਰਤ ਸਿੰਘ ਅਤੇ ਦਲਜੀਤ ਸਿੰਘ ਪੁੱਤਰ ਹਰਭਜਨ ਸਿੰਘ ਵਾਸੀ ਪਿੰਡ ਪਾਹੜਾ ਵਜੋਂ ਹੋਈ ਹੈ। ਦੱਸਣਯੋਗ ਹੈ ਪਹਿਲੀ ਜੁਲਾਈ ਨੂੰ ਉਕਤ ਗੁਰਦੁਆਰਾ ਸਾਹਿਬ ਵਿੱਚ ਫੌਜੀ ਦੀਪਕ ਵਾਸੀ ਪਿੰਡ ਸਰਮੋ ਲਾਹੜੀ ਜ਼ਿਲ੍ਹਾ ਪਠਾਨਕੋਟ ਨੂੰ ਕਥਿਤ ਕੁੱਟ-ਕੁੱਟ ਕੇ ਮਾਰ ਦਿੱਤਾ ਗਿਆ ਸੀ। ਇਹ ਜਵਾਨ ਅਰੁਣਾਚਲ ਪ੍ਰਦੇਸ਼ ਵਿੱਚ ਤਾਇਨਾਤ ਸੀ ਅਤੇ ਛੁੱਟੀ ਕੱਟਣ ਲਈ ਆਪਣੇ ਪਿੰਡ ਪਰਤ ਰਿਹਾ ਸੀ। ਦੀਪਕ ਦੀ ਲਾਸ਼ ਗੁਰਦੁਆਰਾ ਸਾਹਿਬ ਨੇੜੇ ਤੋਂ ਬਰਾਮਦ ਹੋਈ ਸੀ। ਬੀਤੇ ਕੱਲ੍ਹ ਹੀ ਵੱਖ-ਵੱਖ ਜਥੇਬੰਦੀਆਂ ਨੇ ਐੱਸਐੱਸਪੀ ਗੁਰਦਾਸਪੁਰ ਦੇ ਦਫ਼ਤਰ ਅੱਗੇ ਪ੍ਰਦਰਸ਼ਨ ਕਰ ਕੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਨ ਦੀ ਮੰਗ ਕੀਤੀ ਸੀ।