ਜਸਵੰਤ ਜੱਸ
ਫ਼ਰੀਦਕੋਟ, 6 ਜੁਲਾਈ
ਨੌਜਵਾਨ ਭਾਰਤ ਸਭਾ ਅਤੇ ਪੰਜਾਬ ਸਟੂਡੈਂਟਸ ਯੂਨੀਅਨ ਦੇ ਨੌਜਵਾਨਾਂ ਨੇ ਅੱਜ ਇੱਥੇ ਆਦਿਵਾਸੀ ਹੱਕਾਂ ਦੇ ਕਾਰਕੁਨ ਸਟੈਨ ਸਵਾਮੀ ਦੀ ਮੌਤ ਨੂੰ ਲੈ ਕੇ ਰੋਸ ਪ੍ਰਦਰਸ਼ਨ ਕੀਤਾ ਅਤੇ ਦੋਸ਼ ਲਾਇਆ ਕਿ ਸਵਾਮੀ ਦੀ ਮੌਤ ਲਈ ਭਾਰਤ ਸਰਕਾਰ ਤੇ ਨਿਆਂਪਾਲਕਾ ਜ਼ਿੰਮੇਵਾਰ ਹੈ। ਨੌਜਵਾਨ ਭਾਰਤ ਦੇ ਆਗੂ ਨੌਂਨਿਹਾਲ ਸਿੰਘ, ਹਰਵੀਰ ਕੌਰ ਗੰਧੜ, ਮਨਦੀਪ ਸਿੰਘ, ਰਜਿੰਦਰ ਸਿੰਘ, ਗੋਰਾ ਸਿੰਘ ਢਿੱਲਵਾਂ, ਹਰਦੀਪ ਸਿੰਘ ਦੀਪ ਸਿੰਘ ਵਾਲਾ, ਸੁਖਪ੍ਰੀਤ ਸਿੰਘ ਮੌੜ, ਪਵਨਦੀਪ ਸਿੰਘ ਅਤੇ ਲਖਵੀਰ ਸਿੰਘ ਬੀਹਲੇਵਾਲਾ ਨੇ ਕਿਹਾ ਕਿ 84 ਸਾਲਾ ਸਵਾਮੀ ਆਪਣੀ ਪੂਰੀ ਜ਼ਿੰਦਗੀ ਆਦਿਵਾਸੀਆਂ ਦੇ ਹੱਕਾਂ ਲਈ ਲੜਦੇ ਰਹੇ। ਉਨ੍ਹਾਂ ਕਿਹਾ ਕਿ ਆਪਣੇ ਹੀ ਦੇਸ਼ ਦੇ ਲੋਕਾਂ ਦੇ ਹਿੱਤਾਂ, ਜਲ-ਜੰਗਲ ਤੇ ਜ਼ਮੀਨ ਦੀ ਰਾਖੀ ਲਈ ਲੜਨਾ ਅਤੇ ਦੱਬੇ ਕੁਚਲੇ ਲੋਕਾਂ ਨੂੰ ਸੁਚੇਤ ਕਰਨਾ ਕੋਈ ਅਪਰਾਧ ਨਹੀਂ ਅਤੇ ਭਾਰਤ ਦਾ ਸੰਵਿਧਾਨ ਹਰੇਕ ਨਾਗਰਿਕ ਨੂੰ ਇਸ ਦੇ ਪ੍ਰਚਾਰ ਦਾ ਹੱਕ ਦਿੰਦਾ ਹੈ। ਰੋਸ ਵਿਖਾਵਾ ਕਰ ਰਹੇ ਨੌਜਵਾਨਾਂ ਨੇ ਮੰਗ ਕੀਤੀ ਕਿ ਗ੍ਰਿਫ਼ਤਾਰ ਕੀਤੇ ਗਏ ਸਾਰੇ ਬੁੱਧੀਜੀਵੀਆਂ ਨੂੰ ਬਿਨਾਂ ਦੇਰੀ ਤੁਰੰਤ ਰਿਹਾਅ ਕੀਤਾ ਜਾਵੇ।
ਸ੍ਰੀ ਮੁਕਤਸਰ ਸਾਹਿਬ (ਗੁਰਸੇਵਕ ਸਿੰਘ ਪ੍ਰੀਤ): ਜਮਹੂਰੀ ਅਧਿਕਾਰ ਸਭਾ ਵੱਲੋਂ ਫਾਦਰ ਸਟੈਨ ਸਵਾਮੀ ਦੀ ਜੇਲ੍ਹ ਵਿੱਚ ਹੋਈ ਮੌਤ ਨੂੰ ਕਥਿਤ ਤੌਰ ’ਤੇ ਕਤਲ ਕਰਾਰ ਦਿੰਦਿਆਂ ਰਾਸ਼ਟਰਪਤੀ ਪਾਸੋਂ ਜ਼ਿੰਮੇਵਾਰੀ ਵਿਅਕਤੀਆਂ ਅਤੇ ਅਧਿਕਾਰੀਆਂ ਖਿਲਾਫ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ ਗਈ ਹੈ। ਇਥੇ ਡਿਪਟੀ ਕਮਿਸ਼ਨਰ ਦਫਤਰ ਮੂਹਰੇ ਰੋਸ ਮੁਜ਼ਾਹਰਾ ਕਰਦਿਆਂ ਨੌਜਵਾਨ ਭਾਰਤ ਸਭਾ ਦੇ ਮੰਗਾ ਸਿੰਘ ਆਜ਼ਾਦ, ਪੀ. ਐਸ. ਯੂ. ਦੇ ਲਖਵਿੰਦਰ ਸਿੰਘ, ਸੁਖਵੀਰ ਕੌਰ, ਕਿਰਤੀ ਕਿਸਾਨ ਯੂਨੀਅਨ ਦੇ ਬਲਵਿੰਦਰ ਸਿੰਘ ਥਾਂਦੇਵਾਲਾ, ਬਲਵਿੰਦਰ ਸਿੰਘ ਭੁੱਟੀਵਾਲਾ, ਬਲਜੀਤ ਸਿੰਘ ਲੰਡੇਰੋਡੇ ਤੇ ਮੰਗਲ ਸਿੰਘ ਹੋਰਾਂ ਨੇ ਕਿਹਾ ਕਿ ਲੋਕ ਹਿੱਤਾਂ ਲਈ ਲੜਨ ਵਾਲੇ ਬੁੱਧੀਜੀਵੀਆਂ ਨੂੰ ਸਾਜ਼ਿਸ਼ ਤਹਿਕ ਜੇਲ੍ਹਾਂ ਵਿੱਚ ਡੱਕ ਕੇ ਮਾਰਿਆ ਜਾ ਰਿਹਾ ਹੈ।
ਇਸੇ ਦੌਰਾਨ ਡਾ. ਪਰਮਜੀਤ ਸਿੰਘ ਢੀਂਗਰਾ, ਲਖਵੀਰ ਸਿੰਘ ਹਰੀਕੇ, ਗੁਰਭਗਤ ਸਿੰਘ ਭਲਾਈਆਣਾ, ਤਰਸੇਮ ਸਿੰਘ ਖੁੰਡੇ ਹਲਾਲ, ਕਾਕਾ ਸਿੰਘ ਖੁੰਡੇ ਹਲਾਲ ਤੇ ਅਮਰਜੀਤ ਪਾਲ ਸਣੇ ਹੋਰਨਾਂ ਨੇ ਡਿਪਟੀ ਕਮਿਸ਼ਨਰ ਦਫਤਰ ਮੂਹਰੇ ਰੋਸ ਮੁਜ਼ਾਹਰਾ ਕਰਦਿਆਂ ਮੋਦੀ ਸਰਕਾਰ ਖਿਲਾਫ ਨਾਅਰੇਬਾਜ਼ੀ ਕੀਤੀ ਅਤੇ ਫਾਦਰ ਸਟੈਨ ਸਵਾਮੀ ਦੇ ਕਾਤਲਾਂ ਖ਼ਿਾਲਫ਼ ਕਾਰਵਾਈ ਕਰਨ ਦੀ ਮੰਗ ਕੀਤੀ।
ਮੋਗਾ (ਮਹਿੰਦਰ ਸਿੰਘ ਰੱਤੀਆਂ): ਇਥੇ ਜ਼ਿਲ੍ਹਾ ਸਕੱਤਰੇਤ ਅੱਗੇ ਜਨਤਕ ਜਥੇਬੰਦੀਆਂ ਵੱਲੋਂ ਉੱਘੇ ਸਮਾਜਿਕ ਕਾਰਕੁਨ ਸਟੈਨ ਸਵਾਮੀ ਦੀ ਨਿਆਂਇਕ ਹਿਰਾਸਤ ਵਿਚ ਮੌਤ ਖ਼ਿਲਾਫ਼ ਰੋਸ ਧਰਨਾ ਦਿੱਤਾ ਗਿਆ। ਕਿਰਤੀ ਕਿਸਾਨ ਯੂਨੀਅਨ ਆਗੂ ਬੂਟਾ ਸਿੰਘ ਤਖਾਣਵੱਧ, ਨੌਜਵਾਨ ਭਾਰਤ ਸਭਾ ਸੂਬਾ ਕਮੇਟੀ ਮੈਂਬਰ ਕਰਮਜੀਤ ਮਾਣੂੰਕੇ, ਪੇਂਡੂ ਮਜ਼ਦੂਰ ਯੂਨੀਅਨ ਆਗੂ ਮੰਗਾ ਸਿੰਘ ਵੈਰੋਕੇ ਤੇ ਪੀਐੱਸਯੂ ਜ਼ਿਲ੍ਹਾ ਪ੍ਰਧਾਨ ਮੋਹਨ ਸਿੰਘ ਔਲਖ ਨੇ ਸਟੈਨ ਸਵਾਮੀ ਦੀ ਨਿਆਂਇਕ ਹਿਰਾਸਤ ਵਿਚ ਮੌਤ ਨੂੰ ਸਿਆਸੀ ਕਤਲ ਕਰਾਰ ਦਿੰਦੇ ਫਾਸ਼ੀਵਾਦੀ ਹਕੂਮਤ ਖ਼ਿਲਾਫ਼ ਇਕਜੁੱਟ ਹੋਣ ਦਾ ਸੱਦਾ ਦਿੱਤਾ।