ਨਿੱਜੀ ਪੱਤਰ ਪ੍ਰੇਰਕ
ਸੁਲਤਾਨਪੁਰ ਲੋਧੀ, 6 ਜੁਲਾਈ
ਧਾਰਮਿਕ ਸਥਾਨਾਂ ਤੋਂ ਮੋਟਰਸਾਈਕਲ ਚੋਰੀ ਕਰਨ ਵਾਲੇ ਗਰੋਹ ਦਾ ਪਰਦਾਫਾਸ਼ ਕਰਦਿਆਂ ਸੁਲਤਾਨਪੁਰ ਲੋਧੀ ਪੁਲੀਸ ਨੇ 14 ਚੋਰੀਸ਼ੁਦਾ ਮੋਟਰਸਾਈਕਲਾਂ ਸਮੇਤ 2 ਚੋਰਾਂ ਨੂੰ ਗ੍ਰਿਫਤਾਰ ਕੀਤਾ ਹੈ। ਇਸ ਸਬੰਧੀ ਉਪ ਪੁਲੀਸ ਕਪਤਾਨ ਸਰਬਣ ਸਿੰਘ ਬੱਲ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਉਪ ਪੁਲੀਸ ਕਪਤਾਨ ਸਬ ਡਿਵੀਜ਼ਨ ਸੁਲਤਾਨਪੁਰ ਲੋਧੀ ਸਰਵਣ ਸਿੰਘ ਬੱਲ ਦੀ ਨਿਗਰਾਨੀ ਹੇਠ ਮੁੱਖ ਅਫਸਰ ਥਾਣਾ ਸੁਲਤਾਨਪੁਰ ਐੱਸਆਈ ਹਰਜੀਤ ਸਿੰਘ ਦੀ ਹਦਾਇਤ ’ਤੇ ਏਐੱਸਆਈ ਅਮਰਜੀਤ ਸਿੰਘ ਸਮੇਤ ਪੁਲੀਸ ਪਾਰਟੀ ਨਾਕਾਬੰਦੀ ਤਲਵੰਡੀ ਪੁਲ ਸੁਲਤਨਾਪੁਰ ਲੋਧੀ ਮੌਜੂਦ ਸਨ।
ਇਸੇ ਦੌਰਾਨ ਮੁਖਬਰ ਖਾਸ ਦੀ ਇਤਲਾਹ ’ਤੇ ਝੱਲ ਲੇਈ ਵਾਲਾ ਨੇੜੇ ਜੈਨਪੁਰ ਮੋੜ ਚੋਰੀ ਦੇ ਮੋਟਰਸਾਈਕਲ ਵੇਚਣ ਲਈ ਗਾਹਕਾਂ ਦੀ ਉਡੀਕ ਕਰ ਰਹੇ ਲੱਭਾ ਅਤੇ ਸਰਬਜੀਤ ਉਰਫ ਸੱਬੋ ਉਰਫ ਭੰਗੀ ਵਾਸੀ ਲਾਟੀਆਂ ਵਾਲਾ ਨੂੰ 2 ਚੋਰੀਸ਼ੁਦਾ ਮੋਟਰਸਾਈਕਲਾਂ ਸਮੇਤ ਕਾਬੂ ਕੀਤਾ ਗਿਆ ਅਤੇ ਤਫਤੀਸ਼ ਕਰਨ ਤੇ 12 ਹੋਰ ਚੋਰੀਸ਼ੁਦਾ ਮੋਟਰਸਾਈਕਲ ਝੱਲ ਲੇਈ ਵਾਲਾ ਦੇ ਜੰਗਲਾਤ ਵਿਚੋਂ ਬਰਾਮਦ ਕੀਤੇ।
ਦੋਵਾਂ ਮੁਲਜ਼ਮਾਂ ਨੂੰ ਮੁਕੱਦਮਾ ਵਿੱਚ ਗ੍ਰਿਫਤਾਰ ਕਰਕੇ ਮਾਣਯੋਗ ਅਦਾਲਤ ਵਿੱਚ ਪੇਸ਼ ਕਰਕੇ ਪੁਲੀਸ ਰਿਮਾਂਡ ਹਾਸਲ ਕੀਤਾ ਜਾਵੇਗਾ।ਪੁੱਛਗਿੱਛ ਦੌਰਾਨ ਇਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਇਹ ਮੋਟਰਸਾਈਕਲ ਗੁਰਦੁਆਰਾ ਸ੍ਰੀ ਬੇਰ ਸਾਹਿਬ ਤੋਂ, ਸਿਵਲ ਹਸਪਤਾਲ ਸੁਲਤਾਨਪੁਰ ਲੋਧੀ ਤੋਂ, ਡਡਵਿੰਡੀ ਤੋਂ ਅਤੇ ਮੋਠਾਂਵਾਲਾ ਤੋਂ ਚੋਰੀ ਕੀਤੇ ਸਨ।