ਮੁੰਬਈ, 6 ਜੁਲਾਈ
ਫਿਲਮਸਾਜ਼ ਕਰਨ ਜੌਹਰ ਨੇ ਅੱਜ ਆਪਣੇ ਨਿਰਦੇਸ਼ਨ ਹੇਠ ਆਉਣ ਵਾਲੀ ਨਵੀਂ ਫ਼ਿਲਮ ਦਾ ਐਲਾਨ ਕੀਤਾ ਹੈ। ਸਿਤਾਰਿਆਂ ਨਾਲ ਭਰੀ ਇਸ ਫਿਲਮ ਵਿੱਚ ਰਣਵੀਰ ਸਿੰਘ, ਆਲੀਆ ਭੱਟ, ਧਰਮਿੰਦਰ, ਜਯਾ ਬੱਚਨ ਤੇ ਸ਼ਬਾਨਾ ਆਜ਼ਮੀ ਨਜ਼ਰ ਆਉਣਗੇ। ਇਤਫਾਕਨ ਫਿਲਮ ਦੇ ਐਲਾਨ ਵਾਲੇ ਦਿਨ ਅੱਜ ਰਣਵੀਰ ਸਿੰਘ ਦਾ ਜਨਮ ਦਿਨ ਵੀ ਹੈ।
ਕਰਨ ਨੇ ਟਵੀਟ ਕਰ ਕੇ ਦੱਸਿਆ ਕਿ ਉਹ ਆਪਣੀ ਆਉਣ ਵਾਲੀ ਫਿਲਮ ‘ਰੌਕੀ ਔਰ ਰਾਨੀ ਕੀ ਪ੍ਰੇਮ ਕਹਾਣੀ’ ਵਿੱਚ ਆਪਣੇ ਪਸੰਦੀਦਾ ਅਦਾਕਾਰਾਂ ਆਲੀਆ ਭੱਟ ਤੇ ਰਣਵੀਰ ਸਿੰਘ ਨਾਲ ਕੰਮ ਕਰਨਗੇ। ਉਸ ਨੇ ਟਵੀਟ ਕੀਤਾ, ‘ਆਪਣੇ ਪਸੰਦੀਦਾ ਵਿਅਕਤੀਆਂ ਨਾਲ ਪਰਦੇ ਦੇ ਪਿੱਛੇ ਆ ਕੇ ਰੁਮਾਂਚਿਤ ਹਾਂ। ‘ਰੌਕੀ ਔਰ ਰਾਨੀ ਕੀ ਪ੍ਰੇਮ ਕਹਾਣੀ’ ਪੇਸ਼ ਕਰ ਰਿਹਾ ਹਾਂ, ਜਿਸ ਦੇ ਸਿਤਾਰੇ ਰਣਵੀਰ ਸਿੰਘ ਤੇ ਆਲੀਆ ਭੱਟ ਹਨ ਤੇ ਇਸ ਨੂੰ ਇਸ਼ਿਤਾ ਮੋਇਤਰਾ, ਸ਼ਸ਼ਾਂਕ ਖੈਤਾਨ ਤੇ ਸੁਮਿਤ ਰੌਏ ਨੇ ਲਿਖਿਆ ਹੈ।’
ਰਣਵੀਰ ਸਿੰਘ ਨੇ ਵੀ ਟਵਿੱਟਰ ਨੇ ਆਪਣੀ ਨਵੀਂ ਫਿਲਮ ਦਾ ਐਲਾਨ ਕੀਤਾ। ਉਸ ਨੇ ਲਿਖਿਆ, ‘ਮੇਰੇ ਵਿਸ਼ੇਸ਼ ਦਿਨ ’ਤੇ ਇੱਕ ਵਿਸ਼ੇਸ਼ ਐਲਾਨ! ਪੇਸ਼ ਹੈ ‘ਰੌਕੀ ਔਰ ਰਾਨੀ ਕੀ ਪ੍ਰੇਮ ਕਹਾਣੀ’, ਮੇਰੀ ਪਿਆਰੀ ਆਲੀਆ ਭੱਟ ਦੇ ਨਾਲ।’ ਇਸੇ ਤਰ੍ਹਾਂ ਆਲੀਆ ਨੇ ਆਪਣੀ ਇੰਸਟਾਗ੍ਰਾਮ ਪੋਸਟ ’ਚ ਲਿਖਿਆ, ‘ਉੱਘੇ, ਸਦਾਬਹਾਰ ਤੇ ਪ੍ਰੇਰਣਾਦਾਇਕ! ਇਸ ਕਹਾਣੀ ਦੇ ਬਾਕੀ ਸਤੰਭਾਂ ਨੂੰ ਮਿਲੋ- ਧਰਮਿੰਦਰ, ਜਯਾ ਬੱਚਨ ਤੇ ਸ਼ਬਾਨਾ ਆਜ਼ਮੀ! #ਰੌਕੀ ਔਰ ਰਾਨੀ ਕੀ ਪ੍ਰੇਮ ਕਹਾਣੀ#ਆਰਆਰਕੇਪੀਕੇ।’ -ਆਈਏਐੱਨਐੱਸ