ਮਹਿੰਦਰ ਸਿੰਘ ਰੱਤੀਆਂ
ਮੋਗਾ, 6 ਜੁਲਾਈ
ਇੱਥੇ ਮੋਗਾ-ਫ਼ਿਰੋਜ਼ਪੁਰ ਕੌਮੀ ਮਾਰਗ ਉੱਤੇ ਪਿੰਡ ਖੁਖਰਾਣਾ ਸਥਿਤ ਕੈਲੀਫੋਰਨੀਆ ਸਕੂਲ ਪ੍ਰਬੰਧਕਾਂ ਵੱਲੋਂ ਪੂਰੀ ਫ਼ੀਸ ਵਸੂਲਣ ਖ਼ਿਲਾਫ਼ ਮਾਪਿਆਂ ਨੇ ਚੱਕਾ ਜਾਮ ਕਰਕੇ ਮੈਨੇਜਮੈਂਟ ਖ਼ਿਲਾਫ਼ ਨਾਅਰੇਬਾਜ਼ੀ ਕੀਤੀ।
ਇਸ ਮੌਕੇ ਅਰਥੀ ਫੂਕ ਕੇ ਰੋਸ ਦਾ ਪ੍ਰਗਟਾਵਾ ਕੀਤਾ ਗਿਆ। ਪ੍ਰਸ਼ਾਸਨ ਦੇ ਦਖਲ ਅਤੇ ਇਨਸਾਫ਼ ਦੇ ਭਰੋਸੇ ਮਗਰੋਂ ਮਾਪਿਆਂ ਵੱਲੋਂ ਆਵਾਜਾਈ ਬਹਾਲ ਕੀਤੀ ਗਈ।
ਮਾਪਿਆਂ ’ਚ ਸ਼ਾਮਲ ਪ੍ਰਗਟ ਸਿੰਘ, ਗੁਰਭਿੰਦਰ ਸਿੰਘ, ਸੁਖਦੇਵ ਸਿੰਘ, ਜਗਜੀਤ ਸਿੰਘ, ਪ੍ਰਦੀਪ ਸਿੰਘ ਅਤੇ ਕੇਵਲ ਸਿੰਘ ਨੇ ਕਿਹਾ ਕਿ ਉਹ ਕਈ ਦਿਨ ਤੋਂ ਸਕੂਲ ਅੱਗੇ ਇਨਸਾਫ਼ ਲਈ ਧਰਨਾ ਦੇ ਰਹੇ ਹਨ ਪਰ ਸੁਣਵਾਈ ਨਾ ਹੋਣ ਕਾਰਨ ਚੱਕਾ ਜਾਮ ਕਰਨਾ ਪਿਆ। ਉਨ੍ਹਾਂ ਕਿਹਾ ਕਿ ਕਰੋਨਾ ਕਾਲ ਵਿੱਚ ਮਾਪਿਆਂ ਦੇ ਖਰਚੇ ਵਧੇ ਹਨ, ਜਦਕਿ ਸਕੂਲ ਦੇ ਖਰਚ ਘਟੇ ਹਨ ਅਤੇ ਕਮਾਈ ਵਧੀ ਹੈ। ਇਸ ਦੇ ਬਾਵਜੂਦ ਸਕੂਲ ਪ੍ਰਬੰਧਕ ਮਾਪਿਆਂ ਉੱਤੇ ਨਾਜਾਇਜ਼ ਆਰਥਿਕ ਬੋਝ ਪਾ ਰਹੇ ਹਨ। ਉਨ੍ਹਾਂ ਕਿਹਾ ਕਿ ਇਨਸਾਫ਼ ਦੀ ਪ੍ਰਾਪਤੀ ਤੱਕ ਸਕੂਲ ਅੱਗੇ ਧਰਨਾ ਜਾਰੀ ਰਹੇਗਾ।
ਥਾਣਾ ਸਦਰ ਮੁਖੀ ਨਿਰਮਲਜੀਤ ਸਿੰਘ ਨੇ ਕਿਹਾ ਕਿ ਪ੍ਰਸ਼ਾਸਨ ਵੱਲੋਂ ਨਾਇਬ ਤਹਿਸੀਲਦਾਰ ਨੇ ਇਨਸਾਫ਼ ਦਾ ਭਰੋਸਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਮਾਪੇ ਸਾਰੇ ਬੱਚਿਆਂ ਦੀ 50 ਫ਼ੀਸਦੀ ਫ਼ੀਸ ਮੁਆਫ਼ੀ ਦੀ ਮੰਗ ਕਰ ਰਹੇ ਹਨ ਜਦੋਂ ਕਿ ਸਕੂਲ ਪ੍ਰਬੰਧਕ ਸਾਰੀ ਫ਼ੀਸ ਵਸੂਲੀ ਲਈ ਅੜੇ ਹੋਏ ਹਨ।
ਸਕੂਲ ਪ੍ਰਬੰਧਕਾਂ ਦੀ ਦਲੀਲ ਹੈ ਕਿ ਉਨ੍ਹਾਂ ਕੋਵਿਡ 19 ਮਹਾਮਾਰੀ ਦੌਰਾਨ ਵੀ ਬੱਚਿਆਂ ਨੂੰ ਆਨਲਾਈਨ ਸਿੱਖਿਆ ਮੁਹੱਈਆ ਕਰਵਾਈ, ਨਵੇਂ ਵਿਜੂਅਲ ਸਿਸਟਮਾਂ ਦਾ ਪ੍ਰਬੰਧ ਆਦਿ ਕਰਨਾ ਪਿਆ ਤੇ ਅਧਿਆਪਕ ਵੀ ਆਨਲਾਈਨ ਸਿੱਖਿਆ ਦੇਣ ਵਿੱਚ ਕਾਰਜਸ਼ੀਲ ਰਹੇ, ਹਰ ਤਰ੍ਹਾਂ ਦਾ ਤਾਣਾ ਬਾਣਾ ਬੱਚਿਆਂ ਨੂੰ ਸਿੱਖਿਆ ਦੇਣ ਦੇ ਕਾਰਜ ਵਿੱਚ ਜੁੜਿਆ ਰਿਹਾ, ਇਸ ਕਰ ਕੇ ਫੀਸ ਅਤੇ ਫੰਡ ਹਾਸਲ ਕਰਨਾ ਉਨ੍ਹਾਂ ਦਾ ਹੱਕ ਬਣਦਾ ਹੈ।