ਪਾਲ ਸਿੰਘ ਨੌਲੀ
ਜਲੰਧਰ, 6 ਜੁਲਾਈ
ਸੀਪੀਆਈ (ਐੱਮਐੱਲ) ਨਿਊ ਡੈਮੋਕਰੇਸੀ ਅਤੇ ਪੰਜਾਬ ਦੀਆਂ ਜਨਤਕ ਤੇ ਜਮਹੂਰੀ ਜਥੇਬੰਦੀਆਂ ਨੇ ਮਨੁੱਖੀ ਹੱਕਾਂ ਦੇ ਘੁਲਾਟੀਏ ਅਤੇ ਜਲ, ਜੰਗਲ, ਜ਼ਮੀਨ ਦੀ ਰਾਖੀ ਦੇ ਮੁੱਦੇ ’ਤੇ ਆਦਿਵਾਸੀਆਂ ਦੇ ਹੱਕ ਵਿੱਚ ਖੜ੍ਹਨ ਵਾਲੇ ਫਾਦਰ ਸਟੈਨ ਸਵਾਮੀ ਦੀ ਮੌਤ ਲਈ ਮੋਦੀ ਸਰਕਾਰ ਨੂੰ ਜ਼ਿੰਮੇਵਾਰ ਗਰਦਾਨਦਿਆਂ ਜਲੰਧਰ ਸ਼ਹਿਰ ਵਿੱਚ ਮੁਜ਼ਾਹਰਾ ਕੀਤਾ। ਇਸ ਮੌਕੇ ਸਟੈਨ ਸਵਾਮੀ ਦੇ ਸਿਆਸੀ ਕਤਲ ਲਈ ਕਥਿਤ ਤੌਰ ’ਤੇ ਜ਼ਿੰਮੇਵਾਰ ਗ੍ਰਹਿ ਮੰਤਰੀ ਅਮਿਤ ਸ਼ਾਹ ਵਿਰੁੱਧ ਕਤਲ ਦਾ ਮੁਕੱਦਮਾ ਦਰਜ ਕਰਕੇ ਉਸ ਨੂੰ ਗ੍ਰਿਫ਼ਤਾਰ ਕਰਨ ਅਤੇ ਜੇਲ੍ਹਾਂ ਵਿੱਚ ਬੰਦ ਬੁੱਧੀਜੀਵੀ ਕਾਰਕੁਨ ਤੁਰੰਤ ਰਿਹਾਅ ਕਰਨ ਦੀ ਮੰਗ ਕੀਤੀ ਗਈ। ਇਸ ਤੋਂ ਪਹਿਲਾਂ ਦੇਸ਼ ਭਗਤ ਯਾਦਗਾਰ ਹਾਲ ਵਿਖੇ ਰੈਲੀ ਕੀਤੀ ਗਈ। ਇਸ ਮੌਕੇ ਸੀਪੀਆਈ (ਐੱਮਐੱਲ) ਨਿਊ ਡੈਮੋਕਰੇਸੀ ਦੇ ਸੀਨੀਅਰ ਸੂਬਾ ਆਗੂ ਕਾਮਰੇਡ ਅਜਮੇਰ ਸਿੰਘ ਨੇ ਕਿਹਾ ਕਿ ਪਿਛਲੇ ਸਾਲ ਐੱਨਆਈਏ ਵੱਲੋਂ ਗ੍ਰਿਫ਼ਤਾਰ ਕੀਤੇ ਗਏ 84 ਸਾਲ ਦੇ ਫਾਦਰ ਸਟੈਨ ਸਵਾਮੀ ਭੀਮਾ ਕੋਰੇਗਾਂਓ ਮਾਮਲੇ ਵਿੱਚ ਨਿਆਂਇਕ ਹਿਰਾਸਤ ਵਿੱਚ ਸਨ। ਉਨ੍ਹਾਂ ਕਿਹਾ ਕਿ ਸਟੈਨ ਸਵਾਮੀ ਦੀ ਮੌਤ ਦਾ ਮੁੱਖ ਕਾਰਨ ਉਨ੍ਹਾਂ ਨੂੰ ਸਮੇਂ ਸਿਰ ਇਲਾਜ ਨਾ ਮਿਲਣਾ ਹੈ।
ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਕੁੱਝ ਅਮੀਰ ਕਾਰਪੋਰੇਟ ਘਰਾਣਿਆਂ ਨੂੰ ਮੁਨਾਫਾ ਪਹੁੰਚਾਉਣ ਲਈ ਦੇਸ਼ ਦਾ ਜਲ, ਜੰਗਲ, ਜ਼ਮੀਨ ਸਭ ਕੁਝ ਵੇਚਣ ਦੇ ਰਾਹ ਤੁਰੀ ਹੋਈ ਹੈ। ਜੋ ਵੀ ਲੋਕ ਇਸ ਦਾ ਵਿਰੋਧ ਕਰਦੇ ਹਨ ਉਨ੍ਹਾਂ ਨੂੰ ਝੂਠੇ ਕੇਸਾਂ ’ਚ ਫਸਾ ਕੇ ਜੇਲ੍ਹੀਂ ਬੰਦ ਕੀਤਾ ਜਾ ਰਿਹਾ ਹੈ। ਮਨੁੱਖੀ ਅਧਿਕਾਰਾਂ ਦੀ ਗੱਲ ਕਰਨ ਵਾਲੇ ਬੁੱਧੀਜੀਵੀ, ਲੇਖਕਾਂ, ਜਮਹੂਰੀ ਕਾਰਕੁਨਾਂ ਨੂੰ ਝੂਠੇ ਦੇਸ਼ ਧ੍ਰੋਹ ਅਤੇ ਯੂਏਪੀਏ ਵਰਗੇ ਪਰਚੇ ਦਰਜ ਕਰਕੇ ਜੇਲੀਂ ਡੱਕਿਆ ਜਾ ਰਿਹਾ ਹੈ। ਸਾਰੇ ਲੋਕ ਕਾਰਕੁਨਾਂ ਨੂੰ ਤੁਰੰਤ ਰਿਹਾਅ ਕੀਤਾ ਜਾਵੇ। ਇਸ ਮੌਕੇ ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਦੇ ਸੂਬਾ ਪ੍ਰਧਾਨ ਤਰਸੇਮ ਪੀਟਰ, ਸੂਬਾ ਪ੍ਰੈੱਸ ਸਕੱਤਰ ਕਸ਼ਮੀਰ ਸਿੰਘ ਘੁੱਗਸ਼ੋਰ, ਜਮਹੂਰੀ ਅਧਿਕਾਰ ਸਭਾ ਦੇ ਜ਼ਿਲ੍ਹਾ ਪ੍ਰਧਾਨ ਜਸਵਿੰਦਰ ਸਿੰਘ ਭੋਗਲ, ਦੇਸ਼ ਭਗਤ ਯਾਦਗਾਰ ਕਮੇਟੀ ਦੇ ਸੀਨੀਅਰ ਮੈਂਬਰ ਸੁਰਿੰਦਰ ਕੁਮਾਰੀ ਕੋਛੜ ਅਤੇ ਤਰਕਸ਼ੀਲ ਸੁਸਾਇਟੀ ਦੇ ਆਗੂ ਵਿਜੈ ਰਾਹੀ ਆਦਿ ਨੇ ਵੀ ਸੰਬੋਧਨ ਕੀਤਾ।
ਗੁਰਦਾਸਪੁਰ(ਜਤਿੰਦਰ ਬੈਂਸ):ਭਾਰਤੀ ਕਮਿਊਨਿਸਟ ਪਾਰਟੀ (ਮਾਰਕਸਵਾਦੀ/ਲੈਨਿਨਵਾਦੀ) ਨਿਉੁੂ ਡੈਮੋਕਰਸੀ, ਜਮਹੂਰੀ ਅਧਿਕਾਰ ਸਭਾ ਪੰਜਾਬ ਜ਼ਿਲ੍ਹਾ ਗੁਰਦਾਸਪੁਰ , ਤਰਕਸ਼ੀਲ ਸੁਸਾਇਟੀ , ਪੇਂਡੂ ਮਜ਼ਦੂਰ ਯੂਨੀਅਨ , ਕਿਰਤੀ ਕਿਸਾਨ ਯੂਨੀਅਨ , ਡੈਮੋਕਰੇਟਿਕ ਟੀਚਰ ਫਰੰਟ ਵੱਲੋਂ ਮਨੁੱਖੀ ਅਧਿਕਾਰਾਂ ਦੇ ਉੱਘੇ ਆਗੂ ਸਟੈਨ ਸਵਾਮੀ ਦੇ ਸਦੀਵੀ ਵਿਛੋੜਾ ਦੇ ਜਾਣ ’ਤੇ ਸਥਾਨਕ ਕਾਮਰੇਡ ਅਮਰੀਕ ਸਿੰਘ ਯਾਦਗਾਰ ਹਾਲ ਵਿੱਚ ਸ਼ੋਕ ਸਭਾ ਕੀਤੀ ਗਈ।ਇਸ ਮੌਕੇ ਜਥੇਬੰਦੀਆਂ ਦੇ ਕਾਰਕੁਨਾਂ ਵੱਲੋਂ ਸ਼ਹਿਰ ਅੰਦਰ ਰੋਸ ਮਾਰਚ ਵੀ ਕੀਤਾ ਗਿਆ। ਕਾਮਰੇਡ ਸਤਿਬੀਰ ਸਿੰਘ, ਰਾਮੇਸ਼ ਰਾਣਾ, ਰਾਜ ਕੁਮਾਰ ਪੰਡੋਰੀ ,ਜੋਗਿੰਦਰ ਪਾਲ ਪਨਿਆੜ , ਬਲਵਿੰਦਰ ਕੌਰ, ਅਸ਼ਵਨੀ ਕੁਮਾਰ , ਹਰਭਜਨ ਸਿੰਘ ਮਾਂਗਟ ਅਤੇ ਹੋਰ ਬੁਲਾਰਿਆਂ ਨੇ ਫਾਦਰ ਸਟੈਨ ਸਵਾਮੀ ਨੂੰ ਸ਼ਰਧਾਂਜਲੀ ਭੇਟ ਕੀਤੀ।
ਨਵਾਂਸ਼ਹਿਰ(ਲਾਜਵੰਤ ਸਿੰਘ): ਭਾਰਤੀ ਕਮਿਊਨਿਸਟ ਪਾਰਟੀ (ਮਾਰਕਸਵਾਦੀ-ਲੈਨਿਨਵਾਦੀ) ਨਿਊਡੈਮੋਕ੍ਰੇਸੀ ਵਲੋਂ ਮਨੁੱਖੀ ਅਧਿਕਾਰਾਂ ਦੇ ਘੁਲਾਟੀਏ ਝਾੜਖੰਡ ਤੋਂ ਪਾਦਰੀ ਸਟੈਨ ਸਵਾਮੀ ਦੀ ਮੌਤ ਦੀ ਜਿੰਮੇਵਾਰ ਮੋਦੀ ਸਰਕਾਰ ਨੂੰ ਦੱਸਦਿਆਂ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਗ੍ਰਿਫ਼ਤਾਰ ਕਰਨ ਦੀ ਮੰਗ ਕੀਤੀ ਹੈ। ਪਾਰਟੀ ਵਲੋਂ ਪਹਿਲਾਂ ਸਥਾਨਕ ਬੱਸ ਅੱਡੇ ’ਤੇ ਇਕੱਠ ਕੀਤਾ ਗਿਆ ਜਿਸਨੂੰ ਪਾਰਟੀ ਆਗੂਆਂ ਕੁਲਵਿੰਦਰ ਸਿੰਘ ਵੜੈਚ, ਦਲਜੀਤ ਸਿੰਘ ਐਡਵੋਕੇਟ, ਅਵਤਾਰ ਸਿੰਘ ਤਾਰੀ, ਗੁਰਬਖਸ਼ ਕੌਰ ਸੰਘਾ, ਹਰੀ ਰਾਮ ਰਸੂਲਪੁਰੀ ਅਤੇ ਜਮਹੂਰੀ ਅਧਿਕਾਰ ਸਭਾ ਪੰਜਾਬ ਦੇ ਆਗੂ ਬੂਟਾ ਸਿੰਘ ਨੇ ਸੰਬੋਧਨ ਕੀਤਾ।
ਗੜ੍ਹਸ਼ੰਕਰ (ਜੋਗਿੰਦਰ ਕੁੱਲੇਵਾਲ): ਅੱਜ ਇੱਥੇ ਗਾਂਧੀ ਪਾਰਕ ਵਿਖੇ ਵੱਖ ਵੱਖ ਜਨਤਕ ਜਥੇਬੰਦੀਆਂ ਡੈਮੋਕ੍ਰੇਟਿਕ ਟੀਚਰਜ਼ ਫਰੰਟ ਪੰਜਾਬ, ਕਿਰਤੀ ਕਿਸਾਨ ਯੂਨੀਅਨ ਅਤੇ ਤਰਕਸ਼ੀਲ ਸੁਸਾਇਟੀ ਪੰਜਾਬ ਅਤੇ ਹੋਰ ਜਮਹੂਰੀਅਤ ਪਸੰਦ ਜੱਥੇਬੰਦੀਆਂ ਵੱਲੋਂ ਝੂਠੇ ਕੇਸ ਵਿੱਚ ਜੇਲ੍ਹ ਵਿੱਚ ਨਜ਼ਰਬੰਦ 84 ਸਾਲਾ ਬੁੱਧੀਜੀਵੀ ਸਟੈਨ ਸਵਾਮੀ ਦੇ ਮੌਤ ਨੂੰ ਸਿਆਸੀ ਕਤਲ ਕਰਾਰ ਦਿੰਦਿਆਂ ਰੋਸ ਪ੍ਰਗਟ ਕਰਦਿਆਂ ਸ਼ਰਧਾਜਲੀਆਂ ਭੇਟ ਕੀਤੀਆਂ ਗਈਆਂ ਕੀਤੀਆਂ ਗਈਆਂ । ਇਸ ਮੌਕੇ ਡੀਟੀਐਫ ਦੇ ਆਗੂ ਮੁਕੇਸ਼ ਕੁਮਾਰ,ਤਰਕਸ਼ੀਲ ਆਗੂ ਜੋਗਿੰਦਰ ਸਿੰਘ ਅਤੇ ਕਿਸਾਨ ਯੂਨੀਅਨ ਆਗੂ ਕੁਲਵਿੰਦਰ ਚਾਹਲ, ਡੈਮੋਕ੍ਰੇਟਿਕ ਟੀਚਰਜ਼ ਫਰੰਟ ਪੰਜਾਬ ਦੇ ਆਗੂ ਸੁਖਦੇਵ ਡਾਨਸੀਵਾਲ, ਤਰਕਸ਼ੀਲ ਆਗੂ ਗੁਰਨਾਮ ਸਿੰਘ, ਨਰੇਸ਼ ਕੁਮਾਰ, ਪ੍ਰਿੰਸੀਪਲ ਬਿੱਕਰ ਸਿੰਘ,ਬਲਵੀਰ ਖਾਨਪੁਰੀ, ਕਿਸਾਨ ਆਗੂ ਪ੍ਰੋ. ਕੁਲਵੰਤ ਗੋਲੇਵਾਲ,ਹਰਜਿੰਦਰ ਸਿਕੰਦਰਪੁਰ,ਸ਼ਮਸ਼ੇਰ ਸਿੰਘ ਤੇ ਸ਼ਾਮ ਸ਼ੁੰਦਰ ਰਾਮਜੀ ਦਾਸ ਚੌਹਾਨ ਹੰਸ ਰਾਜ ਗੁਰਮੇਲ ਸਿੰਘ ਆਦਿ ਨੇ ਸ਼ਰਧਾਂਜਲੀਆਂ ਭੇਟ ਕੀਤੀਆਂ।