ਬੋਸਟਨ, 6 ਜੁਲਾਈ
ਅਮਰੀਕਾ ’ਚ ਫਿਰੌਤੀ ਮੰਗਣ ਲਈ ਇਕ ਵੱਡੇ ਸਾਈਬਰ ਹਮਲੇ (ਰੈਨਸਮਵੇਅਰ ਅਟੈਕ) ਨੂੰ ਅੰਜਾਮ ਦਿੱਤਾ ਗਿਆ ਹੈ। ਇਸ ਲਈ ਰੂਸ ਨਾਲ ਸਬੰਧਤ ਇਕ ਗੈਂਗ ਉਤੇ ਸ਼ੱਕ ਜ਼ਾਹਿਰ ਕੀਤਾ ਗਿਆ ਹੈ। ਹਜ਼ਾਰਾਂ ਕੰਪਨੀਆਂ ਜਿਨ੍ਹਾਂ ਵਿਚ ਜ਼ਿਆਦਾਤਰ ਦੂਜਿਆਂ ਦੇ ਆਈਟੀ ਢਾਂਚੇ ਨੂੰ ਦੂਰੋਂ ਚਲਾਉਂਦੀਆਂ ਹਨ, ਨੂੰ ਕਰੀਬ 17 ਮੁਲਕਾਂ ਵਿਚ ਨਿਸ਼ਾਨਾ ਬਣਾਇਆ ਗਿਆ ਹੈ। ਕੰਪਨੀ ‘ਕਾਸੀਆ’ ਦੇ ਪ੍ਰੋਡਕਟ ਹੈਕਰਾਂ ਨੇ ਨਿਸ਼ਾਨੇ ਉਤੇ ਲਏ ਹਨ। ਵੇਰਵਿਆਂ ਮੁਤਾਬਕ ਅਮਰੀਕਾ ਵਿਚ ਚਾਰ ਜੁਲਾਈ ਨੂੰ ਛੁੱਟੀ ਹੋਣ ਕਾਰਨ ਹੁਣ ਜਦ ਹੋਰ ਮੁਲਾਜ਼ਮ ਕੰਮ ਉਤੇ ਪਰਤਣਗੇ ਤਾਂ ਨੁਕਸਾਨ ਬਾਰੇ ਪਤਾ ਲੱਗੇਗਾ। ‘ਰੇਵਿਲ’ ਗੈਂਗ ਜਿਸ ਨੇ ਇਸ ਹਮਲੇ ਨੂੰ ਅੰਜਾਮ ਦਿੱਤਾ ਹੈ, ਨੇ ਅਜੇ ਪਿਛਲੇ ਮਹੀਨੇ ਮੀਟ ਦਾ ਕਾਰੋਬਾਰ ਕਰਨ ਵਾਲੀ ਕੰਪਨੀ ‘ਜੇਬੀਐੱਸ’ ਤੋਂ 1.1 ਕਰੋੜ ਡਾਲਰ ਦੀ ਫਿਰੌਤੀ ਲਈ ਹੈ। ਸਾਈਬਰ ਸੁਰੱਖਿਆ ਵਿਸ਼ਲੇਸ਼ਕਾਂ ਦਾ ਕਹਿਣਾ ਹੈ ਕਿ ਇਹ ਗੈਂਗ ‘ਐਂਟੀ ਮਾਲਵੇਅਰ’ (ਹਮਲਿਆਂ ਤੋਂ ਬਚਾਅ ਕਰਨ ਵਾਲੇ ਸਾਫਟਵੇਅਰ) ਤੋਂ ਆਸਾਨੀ ਨਾਲ ਪਾਰ ਪਾ ਲੈਂਦਾ ਹੈ ਤੇ ਇਸ ਦੀ ਸਮਰੱਥਾ ਵੱਧਦੀ ਜਾ ਰਹੀ ਹੈ। ਐਤਵਾਰ ਨੂੰ ਸਾਈਬਰ ਹਮਲੇ ਕਰਨ ਵਾਲੇ ਇਸ ਗੈਂਗ ਨੇ ਹੈਕ ਕੀਤੀਆਂ ਫਾਈਲਾਂ ਨੂੰ ਡੀਕ੍ਰਿਪਟ (ਛੱਡਣ) ਕਰਨ ਬਦਲੇ ਕ੍ਰਿਪਟੋਕਰੰਸੀ ਵਿਚ ਸੱਤ ਕਰੋੜ ਡਾਲਰ ਮੰਗੇ ਹਨ। -ਏਪੀ