ਨਵੀਂ ਦਿੱਲੀ, 7 ਜੁਲਾਈ
ਦਿੱਲੀ ਹਾਈ ਕੋਰਟ ਨੇ ਬੌਲੀਵੁੱਡ ਅਦਾਕਾਰਾ ਜੂਹੀ ਚਾਵਲਾ ਅਤੇ ਦੋ ਹੋਰਨਾਂ ਨੂੰ 5ਜੀ ਵਾਇਰਲੈੱਸ ਨੈੱਟਵਰਕ ਤਕਨੀਕ ਨੂੰ ਚੁਣੌਤੀ ਦੇਣ ਦੇ ਮਾਮਲੇ ’ਚ ਕਾਨੂੰਨੀ ਪ੍ਰਕਿਰਿਆ ਦੀ ਦੁਰਵਰਤੋਂ ਕਰਨ ’ਤੇ ਲਾਇਆ 20 ਲੱਖ ਰੁਪੲੇ ਦਾ ਹਰਜਾਨਾ ਭਰਨ ਲਈ ਇੱਕ ਹਫ਼ਤੇ ਦੀ ਮੋਹਲਤ ਦਿੱਤੀ ਹੈ। ਜਸਟਿਸ ਜੇ.ਆਰ. ਮਿੱਢਾ ਨੇ ਕਿਹਾ, ‘ਮੁੱਦਈਆਂ ਦੇ ਵਿਹਾਰ ਤੋਂ ਅਦਾਲਤ ਹੈਰਾਨ ਹੈ।’ ਉਨ੍ਹਾਂ ਕਿਹਾ, ‘ਅਜਿਹਾ ਲੱਗਦਾ ਹੈ ਕਿ ਜੂਹੀ ਚਾਵਲਾ ਅਤੇ ਹੋਰ ਸਨਮਾਨ ਨਾਲ ਹਰਜਾਨਾ ਭਰਨ ਦੇ ਇੱਛੁਕ ਨਹੀਂ ਹਨ।’ ਅਦਾਲਤ ਵੱਲੋਂ ਅਦਾਕਾਰਾ ਚਾਵਲਾ ਵੱਲੋਂ ਦਾਇਰ ਤਿੰਨ ਅਪੀਲਾਂ, ਅਦਾਲਤੀ ਫ਼ੀਸ ਵਾਪਸੀ, ਜੁਰਮਾਨੇ ’ਚ ਛੋਟ ਅਤੇ ਫ਼ੈਸਲੇ ਵਿੱਚ ‘ਖਾਰਜ’ ਸ਼ਬਦ ਨੂੰ ‘ਰੱਦ’ ਕਰਨ ’ਤੇ ਸੁਣਵਾਈ ਕੀਤੀ ਰਹੀ ਸੀ। ਅਦਾਲਤ ਨੇ ਕਿਹਾ ਕਿ ਜੁਰਮਾਨਾ ਇੱਕ ਹਫ਼ਤੇ ਜਾਂ ਦਸ ਦਿਨਾਂ ’ਚ ਜਮ੍ਹਾਂ ਕਰਵਾਇਆ ਜਾਵੇ, ਨਹੀਂ ਤਾਂ ਉਨ੍ਹਾਂ ਖ਼ਿਲਾਫ਼ ਕਾਨੂੰਨੀ ਕਦਮ ਚੁੱਕਿਆ ਜਾਵੇਗਾ।