ਜਤਿੰਦਰ ਬੈਂਸ
ਗੁਰਦਾਸਪੁਰ, 7 ਜੁਲਾਈ
ਉਜਰਤਾਂ ਵਿੱਚ ਵਾਧਾ ਕਰਨ ਸਮੇਤ ਹੋਰਨਾਂ ਮੰਗਾਂ ਨੂੰ ਲੈ ਕੇ ਮਾਰੂਤੀ ਕਾਰ ਕੰਪਨੀ ਪ੍ਰਬੰਧਕਾਂ ਖਿਲਾਫ਼ ਜੀਵਨਵਾਲ ਬੱਬਰੀ ਸਥਿਤ ਵਰਕਸ਼ਾਪ ਕਮ ਦਫ਼ਤਰ ਵਿੱਚ ਪਿਛਲੇ ਕਈ ਦਿਨਾਂ ਤੋਂ ਲਗਾਤਾਰ ਸੰਘਰਸ਼ ਕਰਦੇ ਆ ਰਹੇ ਕਾਮਿਆਂ ਦੇ ਇੱਕ ਵਫ਼ਦ ਨੇ ਅੱਜ ਇਫਟੂ ਦੀ ਅਗਵਾਈ ਹੇਠ ਡਿਪਟੀ ਕਮਿਸ਼ਨਰ ਨੂੰ ਮੰਗ-ਪੱਤਰ ਸੌਂਪ ਕੇ ਜਲਦ ਮਸਲਾ ਹੱਲ ਕਰਾਉਣ ਦੀ ਮੰਗ ਕੀਤੀ। ਗੌਰਤਲਬ ਹੈ ਕਿ ਮਾਰੂਤੀ ਕਾਰਨ ਕੰਪਨੀ ਅਧੀਨ ਜੀਵਨਵਾਲ ਬੱਬਰੀ ਵਿੱਚ ਤਾਇਨਾਤ ਸਮੂਹ ਅਮਲਾ ਪਿਛਲੇ ਕਈ ਦਿਨਾਂ ਤੋਂ ਹੜਤਾਲ ਕਰਕੇ ਧਰਨੇ ਉੱਤੇ ਹੈ। ਉਨ੍ਹਾਂ ਵੱਲੋਂ ਕਾਰ ਕੰਪਨੀ ਉੱਤੇ ਆਰਥਿਕ ਤੇ ਮਾਨਸਿਕ ਸ਼ੋਸ਼ਣ ਦਾ ਦੋਸ਼ ਲਾਇਆ ਜਾ ਰਿਹਾ ਹੈ ਕਿ ਪੂਰਾ ਕੰਮ ਕਰਨ ਦੇ ਬਾਵਜੂਦ ਘੱਟ ਉਜਰਤ ਦਿੱਤੀ ਜਾ ਰਹੀ ਹੈ। ਆਗੂ ਹਰਜੀਤ ਸਿੰਘ ਅਤੇ ਪ੍ਰਦੀਪ ਕੁਮਾਰ ਨੇ ਦੱਸਿਆ ਕਿ ਮੁਲਾਜ਼ਮਾਂ ਵੱਲੋਂ ਘੱਟ ਤੋਂ ਘੱਟ ਬੇਸਿਕ ਤਨਖਾਹ 18 ਹਜ਼ਾਰ ਦੇਣ, ਕੰਮ ਕਰਨ ਦੀ ਸਮਾਂ ਸੀਮਾ ਤੈਅ ਕਰਨ, ਪਿਛਲੇ ਦੋ ਸਾਲਾਂ ਦੀ ਇੰਕਰੀਮੈਂਟ, ਓਵਰਟਾਈਮ ਅਤੇ ਟੀਏ/ਡੀਏ ਦੇਣ ਦੀ ਮੰਗ ਕੀਤੀ ਜਾ ਰਹੀ ਹੈ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜਦੋਂ ਤੱਕ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਹਨ ਸੰਘਰਸ਼ ਲਗਾਤਾਰ ਜਾਰੀ ਰਹੇਗਾ।