ਨਵਕਿਰਨ ਸਿੰਘ
ਮਹਿਲ ਕਲਾਂ, 7 ਜੁਲਾਈ
ਖੇਤੀ ਕਾਨੂੰਨਾਂ ਖ਼ਿਲਾਫ਼ ਸੰਯੁਕਤ ਕਿਸਾਨ ਮੋਰਚਾ ਦੀ ਅਗਵਾਈ ਹੇਠ ਮਹਿਲ ਕਲਾਂ ਵਿੱਚ ਕਿਸਾਨਾਂ ਦਾ ਪੱਕਾ ਧਰਨਾ ਜਾਰੀ ਹੈ। ਅੱਜ ਖੇਤੀ ਕਾਨੂੰਨਾਂ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕਰਦਿਆਂ ਕਿਸਾਨਾਂ ਨੇ ਖੇਤੀ ਕਾਨੂੰਨ ਵਾਪਸ ਲੈਣ ਦੀ ਮੰਗ ਕੀਤੀ। ਇਸ ਮੌਕੇ ਕਿਸਾਨਾਂ ਨੇ ਕਿਹਾ ਕਿ ਦੇਸ਼ ਵਿੱਚ ਵੱਧ ਰਹੀ ਮਹਿੰਗਾਈ ਤੇ ਤੇਲ ਕੀਮਤਾਂ ਖ਼ਿਲਾਫ ਭਲਕੇ ਕੀਤੇ ਜਾਣ ਵਾਲੇ ਰੋਸ ਪ੍ਰਦਰਸ਼ਨ ਦੀਆ ਤਿਆਰੀਆਂ ਮੁਕੰਮਲ ਕਰ ਲਈਆ ਗਈਆਂ ਹਨ ਤੇ ਮਹਿੰਗਾਈ ਤੋਂ ਅੱਕੇ ਵੱਡੀ ਗਿਣਤੀ ਲੋਕ ਭਲਕੇ ਖਾਲੀ ਗੈਸ ਸਿਲੰਡਰਾਂ ਨਾਲ ਸੜਕਾਂ ’ਤੇ ਉਤਰਨਗੇ।ਅੱਜ ਪੱਕੇ ਧਰਨੇ ਨੂੰ ਸੰਬੋਧਨ ਕਰਦਿਆਂ ਕਿਸਾਨ ਆਗੂ ਮਨਜੀਤ ਧਨੇਰ, ਜਗਰਾਜ ਹਰਦਾਸਪੁਰਾ, ਬਲਜੀਤ ਸਿੰਘ ਸੋਢਾ ਆਦਿ ਨੇ ਕਿਹਾ ਕਿ ਪਿਛਲੇ ਸੱਤ ਸਾਲ ਦਾ ਕਾਰਜਕਾਲ ਦੱਸਦਾ ਹੈ ਕਿ ਮੋਦੀ ਸਰਕਾਰ ਕਾਲੇ ਕਾਨੂੰਨ ਲੋਕਾਂ ’ਤੇ ਥੋਪ ਰਹੀ ਹੈ।
ਭੁੱਚੋ ਮੰਡੀ: (ਪੱਤਰ ਪ੍ਰੇਰਕ) ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਵੱਲੋਂ ਨਵੇਂ ਖੇਤੀ ਕਨੂੰਨਾਂ ਖ਼ਿਲਾਫ਼ ਬੈਸਟ ਪ੍ਰਾਈਸ ਮਾਲ ਭੁੱਚੋ ਖੁਰਦ ਅੱਗੇ 279 ਦਿਨਾਂ ਤੋਂ ਚੱਲ ਰਿਹਾ ਮੋਰਚਾ ਅੱਜ ਵੀ ਜਾਰੀ ਰਿਹਾ। ਕਿਸਾਨਾਂ ਨੇ ਕੇਂਦਰ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਇਸ ਮੌਕੇ ਬਲਾਕ ਆਗੂ ਬਲਜੀਤ ਸਿੰਘ ਪੂਹਲਾ ਨੇ ਕੱਲ ਦੇ ਰੋਸ ਮੁਜ਼ਾਹਰੇ ਸਬੰਧੀ ਦੱਸਿਆ ਕਿ ਸੰਯੁਕਤ ਮੋਰਚੇ ਦੇ ਸੱਦੇ ਤੇ ਡੀਜ਼ਲ ਪੈਟਰੋਲ ਤੇ ਰਸੋਈ ਗੈਸ ਦੇ ਹਰ ਰੋਜ਼ ਵੱਧ ਰਹੇ ਰੇਟਾਂ ਖ਼ਿਲਾਫ਼ 8 ਜੁਲਾਈ ਨੂੰ 10 ਤੋਂ 12 ਵਜੇ ਤੱਕ ਕੌਮੀ ਅਤੇ ਰਾਜ ਮਾਰਗਾਂ ਦੇ ਕੰਢਿਆਂ ’ਤੇ ਵਾਹਨ ਖੜ੍ਹੇ ਕੀਤੇ ਜਾਣਗੇ। ਇਸ ਮੌਕੇ ਕਿਸਾਨਾਂ ਵੱਲੋਂ ਆਪਣੇ ਵਹੀਕਲ ਦੇ ਹਾਰਨ ਵਜਾਕੇ ਤੇ ਔਰਤਾਂ ਦੁਆਰਾ ਸਿਲੰਡਰ ਖੜਕਾ ਕੇ ਕੇਂਦਰ ਦੀ ਗੁੰਗੀ ਬੋਲੀ ਸਰਕਾਰ ਨੂੰ ਜਗਾਇਆ ਜਾਵੇਗਾ।
ਸ੍ਰੀ ਮੁਕਤਸਰ ਸਾਹਿਬ: (ਨਿੱਜੀ ਪੱਤਰ ਪ੍ਰੇਰਕ) ਕਿਰਤੀ ਕਿਸਾਨ ਯੂਨੀਅਨ ਤੇ ਭਾਰਤੀ ਕਿਸਾਨ ਯੂਨੀਅਨ ਕਾਦੀਆਂ, ਰਾਜੇਵਾਲਾ, ਲੱਖੋਵਾਲ, ਡਕੌਦਾ ਤੇ ਰੁਲਦੂ ਸਿੰਘ ਵੱਲੋਂ ਡੀਜ਼ਲ ਤੇ ਪੈਟਰੋਲ ਦੀਆਂ ਵਧੀਆਂ ਕੀਮਤਾਂ ਖ਼ਿਲਾਫ਼ 8 ਜੁਲਾਈ ਨੂੰ ਟਰੈਕਟਰ, ਜੀਪਾਂ, ਕਾਰਾਂ, ਮੋਟਰਸਾਈਕਲ ਤੇ ਟੈਂਪੂ ਆਦਿ ਵਾਹਨ ਸੜਕਾਂ ਕਿਨਾਰੇ ਲਾ ਕੇ ਆਵਾਜਾਈ ਠੱਪ ਕੀਤੀ ਜਾਵੇਗੀ।
ਸੜਕਾਂ ਕਿਨਾਰੇ ਵਾਹਨ ਖੜ੍ਹੇ ਕਰਕੇ ਕੀਤੇ ਜਾਣਗੇ ਮੁਜ਼ਾਹਰੇ
ਭੁੱਚੋ ਮੰਡੀ (ਪੱਤਰ ਪ੍ਰੇਰਕ) ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਵੱਲੋਂ ਸੰਯੁਕਤ ਮੋਰਚੇ ਦੇ ਸੱਦੇ ਤੇ ਡੀਜ਼ਲ ਪੈਟਰੋਲ ਤੇ ਰਸੋਈ ਗੈਸ ਦੇ ਰੋਜ਼ਾਨਾ ਵੱਧ ਰਹੇ ਰੇਟਾਂ ਖ਼ਿਲਾਫ਼ 8 ਜੁਲਾਈ ਨੂੰ 10 ਤੋਂ 12 ਵਜੇ ਤੱਕ ਕੌਮੀ ਤੇ ਰਾਜ ਮਾਰਗਾਂ ਦੇ ਕੰਢਿਆਂ ’ਤੇ ਵਾਹਨ ਖੜ੍ਹੇ ਕਰਕੇ ਕੀਤੇ ਜਾਣ ਵਾਲੇ ਰੋਸ ਮੁਜ਼ਾਹਰੇ ਦੀ ਤਿਆਰੀ ਵਜੋਂ ਅੱਜ ਕਿਸਾਨ ਔਰਤਾਂ ਨੇ ਪਿੰਡ ਚੱਕ ਰਾਮ ਸਿੰਘ ਵਾਲਾ ਵਿੱਚ ਵੱਡਾ ਇਕੱਠ ਕੀਤਾ। ਉਨ੍ਹਾਂ ਲੋਕਾਂ ਨੂੰ ਇਸ ਰੋਸ ਮੁਜ਼ਾਹਰੇ ਵਿੱਚ ਸ਼ਾਮਲ ਹੋਣ ਦਾ ਸੱਦਾ ਦਿੱਤਾ। ਇਸ ਮੌਕੇ ਆਗੂ ਪਰਮਜੀਤ ਕੌਰ ਪਿੱਥੋ, ਜਗਜੀਤ ਸਿੰਘ ਤੇ ਸਿਮਰਜੀਤ ਸਿੰਘ ਨੇ ਕੇਂਦਰ ਸਰਕਾਰ ਦੀਆਂ ਕਿਸਾਨ ਮਾਰੂ ਨੀਤੀਆਂ ਤੇ ਕਿਸਾਨ ਅੰਦੋਲਨ ਨੂੰ ਤਾਰਪੀਡੋ ਕਰਲ ਦੀਆਂ ਚਾਲਾਂ ਦਾ ਪਰਦਾਫਾਸ਼ ਕੀਤਾ।