ਪੱਤਰ ਪ੍ਰੇਰਕ
ਰਤੀਆ, 7 ਜੁਲਾਈ
ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਪ੍ਰੇਮ ਕਲੋਨੀ ਰਤੀਆ ਦੇ ਨੌਜਵਾਨਾਂ ਨੇ ਖੇਡਾਂ ਦਾ ਸਾਮਾਨ ਨਾ ਮਿਲਣ ਦੇ ਵਿਰੋਧ ਵਿੱਚ ਅੱਜ ਬੀਡੀਪੀਓ ਦਫ਼ਤਰ ਰਤੀਆ ਅੱਗੇ 2 ਘੰਟਿਆਂ ਲਈ ਸੰਕੇਤਕ ਧਰਨਾ ਦਿੱਤਾ। ਹਰਿਆਣਾ ਵਿਦਿਆਰਥੀ ਜਥੇਬੰਦੀ ਦੇ ਪ੍ਰਧਾਨ ਰਵੀ ਰਤੀਆ, ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦੇ ਜ਼ਿਲ੍ਹਾ ਪ੍ਰਧਾਨ ਨਿਰਭੈ ਸਿੰਘ ਰਤੀਆ, ਅਮਨ ਰਤੀਆ, ਕਰਨ ਰਤੀਆ, ਰਾਜੂ, ਪ੍ਰਵੀਨ, ਕ੍ਰਿਸ਼ਨ, ਸਾਗਰ, ਗੁਰਦੀਪ ਰਤੀਆ, ਕਾਲਾ, ਹੈਪੀ, ਗੋਪੀ, ਬਬਲੂ, ਜੱਗੂ, ਰਾਹੁਲ , ਮਨੀਸ਼, ਧਰਮੇਂਦਰ ਅਤੇ ਸੋਨੂੰ ਨੇ ਦੱਸਿਆ ਕਿ ਜਾਖਨ ਦਾਦਰੀ ਦੀ ਪ੍ਰੇਮ ਕਲੌਨੀ ਦੇ ਨੌਜਵਾਨਾਂ ਨੂੰ 10 ਸਾਲਾਂ ਤੋ ਖੇਡਾਂ ਦਾ ਸਾਮਾਨ ਨਹੀਂ ਮਿਲਿਆ। ਇਸ ਸਬੰਧੀ ਨੌਜਵਾਨਾਂ ਨੇ ਐੱਸਡੀਐੱਮ ਤੇ ਬੀਡੀਪੀਓ ਨੂੰ ਇਕ ਮੰਗ ਪੱਤਰ ਸੌਂਪਿਆ ਸੀ। ਉਨ੍ਹਾਂ ਨੇ ਜਲਦ ਮਸਲੇ ਦਾ ਹੱਲ ਕਰਨ ਦਾ ਭਰੋਸਾ ਦਿੱਤਾ ਸੀ, ਪਰ 10 ਦਿਨਾਂ ਮਗਰੋਂ ਵੀ ਕੋਈ ਕਾਰਵਾਈ ਨਹੀਂ ਕੀਤੀ ਗਈ। ਉਨ੍ਹਾਂ ਦੋਸ਼ ਲਾਇਆ ਕਿ ਰਤੀਆ ਖੇਤਰ ’ਚ ਨਸ਼ਾ ਜਿੰਨਾ ਮਰਜ਼ੀ ਮਿਲ ਸਕਦਾ ਹੈ, ਪਰ ਨੌਜਵਾਨਾਂ ਨੂੰ ਖੇਡਾਂ ਦਾ ਸਾਮਾਨ ਨਹੀਂ ਮਿਲ ਰਿਹਾ। ਉਨ੍ਹਾਂ ਦੱਸਿਆ ਕਿ 8 ਜੁਲਾਈ ਨੂੰ ਮੁੜ ਬੀਡੀਪੀਓ ਦਫ਼ਤਰ ਅੱਗੇ ਧਰਨਾ ਦਿੱਤਾ ਜਾਵੇਗਾ।