ਜੋਗਿੰਦਰ ਸਿੰਘ ਮਾਨ
ਮਾਨਸਾ, 7 ਜੁਲਾਈ
ਡੈਮੋਕਰੈਟਿਕ ਟੀਚਰਜ਼ ਫਰੰਟ (ਡੀਟੀਐੱਫ) ਮਾਨਸਾ ਨੇ ਪਿਛਲੇ 18 ਸਾਲਾਂ ਤੋਂ ਨਿਗੂਣੀਆਂ ਤਨਖਾਹਾਂ ’ਤੇ ਸ਼ੋਸ਼ਣ ਕਰਵਾ ਰਹੇ ਕੱਚੇ ਅਧਿਆਪਕਾਂ ’ਤੇ ਕੱਲ੍ਹ ਚੰਡੀਗੜ੍ਹ ਵਿੱਚ ਹੋਏ ਲਾਠੀਚਾਰਜ ਦੀ ਸਖ਼ਤ ਸ਼ਬਦਾਂ ਵਿੱਚ ਨਿੰਦਾ ਕੀਤੀ। ਜਥੇਬੰਦੀ ਵੱਲੋਂ ਇਸ ਲਾਠੀਚਾਰਜ ਦੇ ਵਿਰੁੱਧ ਕਾਲੇ ਬਿੱਲੇ ਲਾ ਕੇ ਸਰਕਾਰ ਖ਼ਿਲਾਫ਼ ਰੋਸ ਜ਼ਾਹਿਰ ਕੀਤਾ ਗਿਆ। ਡੀਟੀਐਫ ਮਾਨਸਾ ਦੇ ਜ਼ਿਲ੍ਹਾ ਪ੍ਰਧਾਨ ਕਰਮਜੀਤ ਤਾਮਕੋਟ ਅਤੇ ਸਕੱਤਰ ਹਰਜਿੰਦਰ ਅਨੂਪਗੜ੍ਹ ਨੇ ਕਿਹਾ ਕਿ ਬੀਤੇ ਦਿਨ ਮੁੱਖ ਮੰਤਰੀ ਦੀ ਰਿਹਾਇਸ਼ ਘੇਰਨ ਜਾ ਰਹੇ ਅਧਿਆਪਕਾਂ ’ਤੇ ਚੰਡੀਗੜ੍ਹ ਪੁਲੀਸ ਨੇ ਲਾਠੀਚਾਰਜ, ਜਿਸ ਦੇ ਰੋਸ ਵਜੋਂ ਅੱਜ ਸਕੂਲ ਵਿੱਚ ਡੀਟੀਐੱਫ ਮਾਨਸਾ ਦੇ ਕਾਰਕੁਨਾਂ ਨੇ ਕਾਲੇ ਬਿੱਲੇ ਲਾਕੇ ਰੋਸ ਪ੍ਰਗਟਾਇਆ।
ਜਲਾਲਾਬਾਦ (ਚੰਦਰ ਪ੍ਰਕਾਸ਼ ਕਾਲੜਾ): ਸਮੂਹ ਅਧਿਆਪਕ ਜਥੇਬੰਦੀਆਂ ਪ੍ਰਾਇਮਰੀ ਕਾਡਰ ਦੀ ਇਕ ਰੋਸ ਮੀਟਿੰਗ ਬੀਪੀਈਓ ਦਫਤਰ ਜਲਾਲਾਬਾਦ ’ਚ ਹੋਈ, ਜਿਸ ’ਚ ਚੰਡੀਗੜ੍ਹ ਵਿਖੇ ਕੱਚੇ ਅਧਿਆਪਕਾਂ ਦੇ ਚੱਲ ਰਹੇ ਧਰਨੇ ਨੂੰ ਪੰਜਾਬ ਸਰਕਾਰ ਅਤੇ ਪ੍ਰਸ਼ਾਸਨ ਵਲੋਂ ਜ਼ੋਰ ਜਬਰ ਨਾਲ ਤੋੜਨ ਲਈ ਕੀਤੇ ਗਏ ਲਾਠੀਚਾਰਜ ਦੀ ਨਿੰਦਾ ਕੀਤੀ ਗਈ। ਮੀਟਿੰਗ ’ਚ ਜਗਨੰਦਨ ਸਿੰਘ ਜ਼ਿਲ੍ਹਾ ਪ੍ਰਧਾਨ ਈਟੀਯੂ, ਸ਼ਗਨ ਸਿੰਘ ਬਲਾਕ ਪ੍ਰਧਾਨ ਈਟੀਟੀ ਟੀਚਰ ਯੂਨੀਅਨ, ਗੁਰਜੰਟ ਸਿੰਘ ਹੈੱਡ ਟੀਚਰ ਤੇ ਈਜੀਐੱਸ ਸਣੇ ਹੋਰਨਾਂ ਆਗੂਆਂ ਨੇ ਸੰਬੋਧਨ ਕੀਤਾ।
ਮਹਿਲ ਕਲਾਂ (ਨਵਕਿਰਨ ਸਿੰਘ): ਡੈਮੋਕਰੈਟਿਕ ਟੀਚਰ ਫਰੰਟ ਦੇ ਜ਼ਿਲ੍ਹਾ ਆਗੂ ਬਲਜਿੰਦਰ ਪ੍ਰਭੂ, ਬਲਾਕ ਪ੍ਰਧਾਨ ਮਾਲਵਿੰਦਰ ਸਿੰਘ ਬਰਨਾਲਾ, ਜਨਰਲ ਸਕੱਤਰ ਰਘਵੀਰ ਚੰਦ ਕਰਮਗੜ੍ਹ ਨੇ ਅਧਿਆਪਕਾਂ ’ਤੇ ਹੋਏ ਲਾਠੀਚਾਰਜ ਚੰਡੀਗੜ੍ਹ ਪੁਲੀਸ ਤੇ ਪੰਜਾਬ ਸਰਕਾਰ ਦੀ ਨਿਖੇਧੀ ਕੀਤੀ।
ਸ਼ਹਿਣਾ (ਪੱਤਰ ਪ੍ਰੇਰਕ): ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਲਾਭ ਸਿੰਘ ਉਗੋਕੇ ਨੇ ਰੁਜ਼ਗਾਰ ਮੰਗਦੇ ਬੇਰੁਜ਼ਗਾਰ ਅਧਿਆਪਕਾਂ ’ਤੇ ਚੰਡੀਗੜ੍ਹ ‘ਚ ਕੀਤੇ ਗਏ ਲਾਠੀਚਾਰਜ ਦੀ ਨਿੰਦਾ ਕੀਤੀ। ਇਸੇ ਤਰ੍ਹਾਂ ਸ਼੍ਰੋਮਣੀ ਅਕਾਲੀ ਦਲ ਬਾਦਲ ਸ਼ਹਿਰੀ ਸ਼ਹਿਣਾ ਦੇ ਸਰਕਲ ਪ੍ਰਧਾਨ ਗਗਨਦੀਪ ਸਿੰਗਲਾ ਨੇ ਇਸ ਲਾਠੀਚਾਰਜ ਦੀ ਘੋਰ ਨਿੰਦਾ ਕੀਤੀ ਹੈ ਅਤੇ ਕਿਹਾ ਕਿ ਇਸ ਜਾਲਮ ਸਰਕਾਰ ਦੇ ਸਿਰਫ 5 ਮਹੀਨੇ ਹੀ ਰਹਿ ਗਏ ਹਨ।
ਫਰੀਦਕੋਟ (ਨਿੱਜੀ ਪੱਤਰ ਪ੍ਰੇਰਕ): ਗੌਰਮਿੰਟ ਸਕੂਲ ਟੀਚਰਜ਼ ਯੂਨੀਅਨ ਪੰਜਾਬ ਦੇ ਸੀਨੀਅਰ ਮੀਤ ਪ੍ਰਧਾਨ ਪ੍ਰੇਮ ਚਾਵਲਾ, ਜ਼ਿਲ੍ਹਾ ਫ਼ਰੀਦਕੋਟ ਦੇ ਪ੍ਰਧਾਨ ਸ਼ਿੰਦਰਪਾਲ ਸਿੰਘ ਢਿੱਲੋਂ ਤੇ ਜਨਰਲ ਸਕੱਤਰ ਸੁਖਚੈਨ ਸਿੰਘ ਰਾਮਸਰ ਸਣੇ ਹੋਰਨਾਂ ਆਗੂਆਂ ਨੇ ਪੰਜਾਬ ਪੁਲੀਸ ਅਤੇ ਚੰਡੀਗੜ੍ਹ ਪੁਲੀਸ ਵੱਲੋਂ ਕੱਚੇ ਅਧਿਆਪਕਾਂ ਉੱਪਰ ਮੋਹਾਲੀ-ਚੰਡੀਗੜ੍ਹ ਬਾਰਡਰ ਉੱਤੇ ਕੀਤੇ ਲਾਠੀਚਾਰਜ ਦੀ ਨਿਖੇਧੀ ਕੀਤੀ।