ਮਹਿੰਦਰ ਸਿੰਘ ਦਿਓਲ
ਨਵੀਂ ਦਿੱਲੀ, 7 ਜੁਲਾਈ
ਦਿੱਲੀ ਵਾਸੀਆਂ ਸਮੇਤ ਦੇਸ਼ ਦੇ ਲੋਕਾਂ ਨੂੰ ਪੈਟਰੋਲ, ਡੀਜ਼ਲ ਦੀਆਂ ਵਧੀਆਂ ਕੀਮਤਾਂ ਘਟਾਉਣ ਲਈ ਐਕਸਾਈਜ਼ ਡਿਊਟੀ ਘਟਾਉਣ ਦੀ ਮੰਗ ਕਰਦੇ ਹੋਏ ਦਿੱਲੀ ਸੂਬਾ ਕਾਂਗਰਸ ਦੇ ਆਗੂਆਂ ਤੇ ਕਾਰਕੁਨਾਂ ਨੇ ਕੇਂਦਰੀ ਪੈਟਰੋਲੀਅਮ ਮੰਤਰੀ ਧਰਮਿੰਦਰ ਪ੍ਰਧਾਨ ਦੀ ਸਰਕਾਰੀ ਰਿਹਾਇਸ਼ ਨੇੜੇ ਰੋਸ ਪ੍ਰਦਰਸ਼ਨ ਕੀਤਾ ਤੇ ਕੇਂਦਰ ਸਰਕਾਰ ਖ਼ਿਲਾਫ਼ ਨਾਹਰੇਬਾਜ਼ੀ ਕੀਤੀ। ਕਾਂਗਰਸੀਆਂ ਨੇ ਕੇਂਦਰੀ ਤੇਲ ਮੰਤਰੀ ਨੂੰ ਗੁਲਾਬ ਦੇ ਫੁੱਲ ਭੇਟ ਕਰਨ ਦੀ ਕੋਸ਼ਿਸ਼ ਵੀ ਕੀਤੀ। ਸੂਬਾ ਪ੍ਰਧਾਨ ਅਨਿਲ ਕੁਮਾਰ ਦੀ ਅਗਵਾਈ ਹੇਠ ਇਹ ਰੋਸ ਪ੍ਰਦਰਸ਼ਨ ਕੀਤਾ ਗਿਆ। ਅਨਿਲ ਕੁਮਾਰ ਨੇ ਪੈਟਰੋਲੀਅਮ ਮੰਤਰੀ ਦੀ ਨਿੰਦਿਆ ਕਰਦਿਆਂ ਪੈਟਰੋਲੀਅਮ ਪਦਾਰਥਾਂ ਦੀਆਂ ਕੀਮਤਾਂ ਵਿੱਚ ਲਗਾਤਾਰ ਹੋ ਰਹੇ ਵਾਧੇ ਦਾ ਵਿਰੋਧ ਕੀਤਾ ਤੇ ਕੀਮਤਾਂ ’ਤੇ ਲਗਾਮ ਲਗਾਉਣ ਦੀ ਅਪੀਲ ਕੀਤੀ। ਪੈਟਰੋਲੀਅਮ ਮੰਤਰੀ ਕਾਂਗਰਸੀ ਆਗੂਆਂ ਨੂੰ ਮਿਲਣ ਲਈ ਬਾਹਰ ਨਹੀਂ ਆਏ। ਸ੍ਰੀ ਕੁਮਾਰ ਨੇ ਕਿਹਾ ਕਿ ਕੋਵਿਡ ਮਹਾਮਾਰੀ ਕਾਰਨ ਲੱਗੀ ਤਾਲਾਬੰਦੀ ਦੌਰਾਨ ਜਿੱਥੇ ਲੋਕਾਂ ਦੀ ਰੋਜ਼ੀ-ਰੋਟੀ ਵੀ ਔਖੀ ਹੋ ਗਈ ਹੈ, ਉਥੇ ਕੇਂਦਰ ਸਰਕਾਰ ਮਹਿੰਗਾਈ ਨੂੰ ਰੋਕਣ ਅਤੇ ਤੇਲ ਕੀਮਤਾਂ ਵਿੱਚ ਹੋ ਰਹੇ ਨਿਤ ਦਿਨ ਦੇ ਵਾਧੇ ਨੂੰ ਰੋਕਣ ਲਈ ਕੋਈ ਯੋਜਨਾ ਨਹੀਂ ਬਣਾ ਰਹੀ। ਉਨ੍ਹਾਂ ਕਿਹਾ ਕਿ ਅੱਜ ਗਰੀਬ, ਮਜ਼ਦੂਰ, ਹੇਠਲੇ ਤੇ ਮੱਧ ਵਰਗ ਦੇ ਲੋਕ ਕੇਂਦਰ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਤੋਂ ਦੁਖੀ ਹਨ। ਵੱਡੀ ਗਿਣਤੀ ਵਿੱਚ ਮੌਜੂਦ ਪ੍ਰਦਰਸ਼ਨਕਾਰੀਆਂ ਨੇ ਕੇਂਦਰ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ।
ਕੁਰੂਕਸ਼ੇਤਰ (ਸਰਬਜੋਤ ਸਿੰਘ ਦੁੱਗਲ): ਆਲ ਇੰਡੀਆ ਕਾਂਗਰਸ ਕਮੇਟੀ ਦੀਆਂ ਹਦਾਇਤਾਂ ਅਨੁਸਾਰ ਮਹਿਲਾ ਕਾਂਗਰਸ ਨੇ ਜ਼ਿਲ੍ਹਾ ਪ੍ਰਧਾਨ ਨਿਸ਼ੀ ਗੁਪਤਾ ਦੀ ਪ੍ਰਧਾਨਗੀ ਹੇਠ ਵੱਧ ਰਹੀ ਮਹਿੰਗਾਈ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ। ਇਸ ਮੌਕੇ ਵਰਕਰਾਂ ਨੇ ਅਗਰਸੇਨ ਚੌਕ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਪੁਤਲਾ ਫੂਕ ਕੇ ਆਪਣਾ ਗੁੱਸਾ ਜ਼ਾਹਰ ਕੀਤਾ। ਇਸ ਮੌਕੇ ਮੰਗ ਕੀਤੀ ਗਈ ਕਿ ਮਹਿੰਗਾਈ ਨੂੰ ਘਟਾਉਣ ਲਈ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਘੱਟ ਕੀਤੀਆਂ ਜਾਣ। ਨਿਸ਼ੀ ਗੁਪਤਾ ਨੇ ਕਿਹਾ ਕਿ ਅੱਜ ਮੋਦੀ ਸਰਕਾਰ ਨੇ ਲੋਕਾਂ ਦੀਆਂ ਥਾਲੀਆਂ ਤੋਂ ਰੋਟੀ ਚੁੱਕਣ ਦਾ ਕੰਮ ਕੀਤਾ ਹੈ।ਅੱਜ ਮਹਿੰਗਾਈ ਕਾਰਨ ਲੋਕਾਂ ਦਾ ਜੀਉਣਾ ਮੁਸ਼ਕਲ ਹੋ ਗਿਆ ਹੈ। ਵਿਰੋਧ ਪ੍ਰਦਰਸ਼ਨ ਵਿੱਚ ਸਾਬਕਾ ਮੰਤਰੀ ਅਤੇ ਸੀਨੀਅਰ ਕਾਂਗਰਸੀ ਆਗੂ ਅਸ਼ੋਕ ਅਰੋੜਾ, ਲਾਡਵਾ ਤੋਂ ਵਿਧਾਇਕ ਮੇਵਾ ਸਿੰਘ, ਕਾਂਗਰਸ ਦੇ ਸਾਬਕਾ ਕਾਰਜਕਾਰੀ ਜ਼ਿਲ੍ਹਾ ਪ੍ਰਧਾਨ ਮੇਹਰ ਸਿੰਘ ਰਾਮਗੜ੍ਹ, ਕਿਸਾਨ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਮਧੂਸੂਦਨ ਬਵੇਜਾ, ਪ੍ਰਵੇਸ਼ ਰਾਣਾ, ਬਿਮਲਾ ਸਰੋਹਾ, ਸੱਤਿਆ ਸ਼ਰਮਾ, ਕਮਲੇਸ਼ ਧੀਮਾਨ, ਬਬਲੀ, ਸੰਤੋਸ਼ ਕੁਮਾਰੀ ਸਰੀਤਾ ਨਿਵਾਰਸੀ, ਸੁਰੇਂਦਰ ਫੌਜੀ, ਵਰਿੰਦਰ ਰੋਹਿਲਾ, ਅਸ਼ੋਕ ਸ਼ਰਮਾ, ਮਨੂ ਸਿੰਘ, ਸੁਖਵਿੰਦਰ, ਮੀਨੂੰ ਬਰਨਾ, ਵਿਵੇਕ ਭਾਰਦਵਾਜ, ਸਤੀਸ਼ ਤਮਾਕ, ਸੁਨੀਲ, ਅਸ਼ਵਨੀ ਸ਼ਰਮਾ, ਓਮਪ੍ਰਕਾਸ਼, ਮਹਿੰਦਰਾ ਭੱਟ, ਮੁਲਖਰਾਜ ਅਰੋੜਾ, ਪ੍ਰੇਮ ਹਿੰਗਾਖੇੜੀ, ਨਰਿੰਦਰ ਸ਼ਰਮਾ, ਅਮਿਤ ਗਰਗ, ਸਤੀਸ਼ ਗਰਗ, ਹਰਪ੍ਰੀਤ ਚੀਮਾ, ਈਸ਼ਾਨ ਸ਼ਰਮਾ, ਨਿਤੀਸ਼ ਬਲਾਹੀ, ਰਾਜੇਸ਼ ਸਿੰਘਪੁਰਾ, ਸੁਰੇਂਦਰ ਸੈਣੀ, ਸੁਭਾਸ਼, ਪਾਲੀ, ਹਿਮਾਂਸ਼ੂ ਅਰੌੜਾ, ਸ਼ੇਰ ਸਿੰਘ ਉਮਰੀ, ਜਸਵੀਰ ਸੋਲਾ, ਅਸ਼ੋਕ ਭੱਟ, ਸ਼ਗਨ ਵਰਮਾ, ਅਸ਼ੀਸ਼ ਸ਼ਰਮਾ ਹਾਜ਼ਰ ਸਨ।
ਨਰਾਇਣਗੜ੍ਹ (ਫਰਿੰਦਰ ਪਾਲ ਗੁਲਿਆਣੀ): ਨਰਾਇਣਗੜ੍ਹ ਵਿੱਚ ਹਲਕਾ ਵਿਧਾਇਕ ਸ਼ੈਲੀ ਚੌਧਰੀ ਦੀ ਅਗਵਾਈ ਹੇਠ ਕਾਂਗਰਸੀ ਵਰਕਰਾਂ ਤੇ ਔਰਤਾਂ ਨੇ ਵਧਦੀ ਮਹਿੰਗਾਈ ਦੇ ਵਿਰੋਧ ਵਿੱਚ ਸਥਾਨਕ ਅਰਾਮ ਘਰ ਤੋਂ ਰੋਸ ਮਾਰਚ ਕੱਢਿਆ। ਇਹ ਰੋਸ ਮਾਰਚ ਨੇਤਾ ਜੀ ਸੁਭਾਸ਼ ਚੌਕ ਤੇ ਪਹੁੰਚਿਆ ਜਿੱਥੇ ਵਰਕਰਾਂ ਨੇ ਵਿਧਾਇਕ ਦੇ ਨਾਲ ਮਿਲ ਕੇ ਖਾਲੀ ਥਾਲੀਆਂ ਵਜਾਈਆਂ ਤੇ ਪੁੱਠਾ ਗੈਸ ਸਿਲੰਡਰ ਰੱਖ ਕੇ ਸਰਕਾਰ ਪ੍ਰਤੀ ਆਪਣਾ ਰੋਸ ਪ੍ਰਕਟ ਕੀਤਾ। ਸ਼ੈਲੀ ਚੌਧਰੀ ਦਾ ਕਹਿਣਾ ਸੀ ਕਿ ਭਾਜਪਾ ਦੇ ਰਾਜ ਵਿੱਚ ਹਰ ਵਰਗ ਦੁਖੀ ਹੋ ਚੁੱਕਿਆ ਹੈ ਤੇ ਵਧਦੀ ਮਹਿੰਗਾਈ ਨੇ ਲੋਕਾਂ ਦਾ ਜਿਊਣਾ ਮੁਸ਼ਕਲ ਕਰ ਦਿੱਤਾ ਹੈ। ਉਨ੍ਹਾਂ ਦਾ ਕਹਿਣਾ ਸੀ ਕਿ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਵਾਧਾ ਹੋ ਗਿਆ ਹੈ ਜਿਹੜਾ ਸੌ ਰੁਪਏ ਤੋਂ ਪਾਰ ਹੋ ਚੁੱਕਿਆ ਹੈ ਅਤੇ ਲੋਕ ਇਸ ਗੱਲ ਤੋਂ ਕਾਫ਼ੀ ਪ੍ਰੇਸ਼ਾਨ ਹਨ। ਉਨ੍ਹਾਂ ਦਾ ਕਹਿਣਾ ਸੀ ਕਿ ਕਰੋਨਾ ਕਾਲ ਦੌਰਾਨ ਪਹਿਲਾਂ ਹੀ ਲੋਕਾਂ ਦੇ ਕੰਮ ਠੱਪ ਹੋ ਚੁੱਕੇ ਹਨ ਅਤੇ ਹੁਣ ਰਹਿੰਦੀ ਕਸਰ ਵਧਦੀ ਮਹਿੰਗਾਈ ਨੇ ਪੂਰੀ ਕਰ ਦਿੱਤੀ ਹੈ। ਇਸ ਮੌਕੇ ਸੁਧਾ ਸ਼ਰਮਾ, ਨਰਿੰਦਰ ਦੇਵ ਸ਼ਰਮਾ, ਗੁਰਵਿੰਦਰ ਬੇਰਖੇੜੀ, ਸਾਬਕਾ ਪ੍ਰਧਾਨ ਜਤਿੰਦਰ ਸਿੰਘ ਅਬਦੁੱਲਾ, ਅਮਿਤ ਵਾਲੀਆ, ਦੇਸ਼ ਬੰਧੂ ਜਿੰਦਲ, ਪ੍ਰਿਥਵੀ ਸਿੰਘ, ਪ੍ਰਵੀਨ ਕਪੂਰ ਸਣੇ ਵੱਡੀ ਵਿੱਚ ਔਰਤਾਂ ਤੇ ਵਰਕਰ ਹਾਜ਼ਰ ਸਨ।
ਗੈਸ ਸਿਲੰਡਰ ਤੇ ਭਾਂਡੇ ਖੜਕਾ ਕੇ ਕੀਤਾ ਰੋਸ ਪ੍ਰਦਰਸ਼ਨ
ਯਮੁਨਾਨਗਰ (ਦਵਿੰਦਰ ਸਿੰਘ): ਕਾਂਗਰਸ ਹਾਈ ਕਮਾਨ ਤੇ ਹਰਿਆਣਾ ਸੂਬਾ ਪ੍ਰਧਾਨ ਕੁਮਾਰੀ ਸ਼ੈਲਜਾ ਦੇ ਨਿਰਦੇਸ਼ਾਂ ’ਤੇ ਅੱਜ ਜ਼ਿਲ੍ਹਾ ਕਾਂਗਰਸ ਕਮੇਟੀ ਮਹਿਲਾ ਵਿੰਗ ਵੱਲੋਂ ਵੱਧ ਰਹੀ ਮਹਿੰਗਾਈ ਖ਼ਿਲਾਫ਼ ਗੈਸ ਸਿਲੰਡਰ ਰੱਖ ਕੇ, ਥਾਲੀਆਂ ਤੇ ਹੋਰ ਭਾਂਡੇ ਖੜਕਾ ਕੇ ਵਿਰੋਧ ਪ੍ਰਦਰਸ਼ਨ ਕੀਤਾ ਗਿਆ। ਧਰਨਾ ਪ੍ਰਦਰਸ਼ਨ ਦੀ ਅਗੁਵਾਈ ਰੇਣੂ ਬਾਲਾ ਵਿਧਾਇਕਾ ਸਢੌਰਾ, ਨਿਰਮਲ ਚੌਹਾਨ ਸਾਬਕਾ ਉਮੀਦਵਾਰ, ਜ਼ਿਲ੍ਹਾ ਪ੍ਰਧਾਨ ਸ਼ਹਿਰੀਹਰਮੀਨ ਕੌਰ ਕੋਹਲੀ ਤੇ ਜ਼ਿਲ੍ਹਾ ਪ੍ਰਧਾਨ ਗ੍ਰਾਮੀਣ ਊਸ਼ਾ ਕਮਲ ਨੇ ਕੀਤੀ। ਧਰਨੇ ਨੂੰ ਸੰਬੋਧਨ ਕਰਦਿਆਂ ਮਹਿਲਾ ਆਗੂਆਂ ਨੇ ਕਿਹਾ ਕਿ ਰਸੋਈ ਵਿੱਚ ਵਰਤੀਆਂ ਜਾਣ ਵਾਲੀਆਂ ਚੀਜ਼ਾਂ ਗੈਸ, ਸਰੋਂ ਦਾ ਤੇਲ, ਦਾਲਾਂ ਅਤੇ ਪੈਟਰੋਲ-ਡੀਜ਼ਲ ਆਦਿ ਸਭ ਚੀਜ਼ਾਂ ਮਹਿੰਗੀਆਂ ਹੋ ਗਈਆਂ ਹਨ, ਜਿਸ ਕਾਰਨ ਲੋਕਾਂ ਦਾ ਜੀਣਾ ਹੋਰ ਮੁਹਾਲ ਹੋ ਗਿਆ ਹੈ। ਪਾਰਟੀ ਕਾਰਕੁਨਾਂ ਨੇ ਵੱਧ ਰਹੀ ਮਹਿੰਗਾਈ ਦਾ ਪੁਰਜ਼ੋਰ ਵਿਰੋਧ ਕੀਤਾ। ਉਨ੍ਹਾਂ ਕਿਹਾ ਕਿ ਇਹ ਮਹਿੰਗਾਈ ਭਾਜਪਾ ਸਰਕਾਰ ਦੇ ਕਫ਼ਨ ਵਿੱਚ ਆਖਰੀ ਕਿੱਲ ਸਾਬਤ ਹੋਵੇਗੀ।