ਗੁਰਭੇਜ ਸਿੰਘ ਰਾਣਾ
ਸ੍ਰੀ ਹਰਗੋਬਿੰਦਪੁਰ, 7 ਜੁਲਾਈ
ਪਿੰਡ ਮਾੜੀ ਬੁੱਚਿਆਂ ਵਿੱਚ ਅੱਜ ਉਸ ਵੇਲੇ ਹੰਗਾਮਾ ਹੋ ਗਿਆ ਜਦੋਂ ਗੁਰੂ ਨਾਨਕ ਦੇਵ ਹਸਪਤਾਲ ਅੰਮ੍ਰਿਤਸਰ ਵੱਲੋਂ ਇਕ ਪਰਿਵਾਰ ਨੂੰ ਮੁਰਦਾਘਰ ਵਿੱਚ ਰੱਖੀ ਨੌਜਵਾਨ ਔਰਤ ਦੀ ਦੇਹ ਦੀ ਥਾਂ ਬਿਰਧ ਦੀ ਦੇਹ ਦੇ ਦਿੱਤੀ ਗਈ। ਜਾਣਕਾਰੀ ਮੁਤਾਬਿਕ ਪਰਿਵਾਰਕ ਮੈਂਬਰਾਂ ਵੱਲੋਂ ਜਦੋਂ ਸਸਕਾਰ ਵੇਲੇ ਅੰਤਮ ਰਸਮਾਂ ਪੂਰੀਆਂ ਕੀਤੀਆਂ ਜਾਣ ਲੱਗੀਆਂ ਤਾਂ ਉਨ੍ਹਾਂ ਵੇਖਿਆਂ ਕਿ ਹਸਪਤਾਲ ਵੱਲੋਂ ਭੇਜੀ ਦੇਹ ਉਨ੍ਹਾਂ ਦੇ ਪਰਿਵਾਰਕ ਮੈਂਬਰ ਦੀ ਨਹੀਂ ਬਲਕਿ ਕਿਸੇ ਹੋਰ ਔਰਤ ਦੀ ਹੈ। ਇਸ ਮਗਰੋਂ ਪਰਿਵਾਰਕ ਮੈਂਬਰਾਂ ਵੱਲੋਂ ਮ੍ਰਿਤਕ ਦੇਹ ਲੈ ਕੇ ਆਈ ਐਂਬੂਲੈਂਸ ਨੂੰ ਘੇਰ ਕੇ ਥਾਣਾ ਸ੍ਰੀ ਹਰਗੋਬਿੰਦਪੁਰ ਵਿੱਚ ਲਿਆਂਦਾ ਗਿਆ ਤੇ ਗਲਤ ਲਾਸ਼ ਭੇਜਣ ਦੇ ਰੋਸ ਵਜੋਂ ਗੁਰੂ ਨਾਨਕ ਹਸਪਤਾਲ ਅਮ੍ਰਿਤਸਰ ਵਿਰੁੱਧ ਹੰਗਾਮਾ ਕੀਤਾ। ਇਸ ਬਾਰੇ ਪਰਿਵਾਰ ਦੇ ਮੁਖੀ ਅਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਨੂੰਹ ਦਲਜੀਤ ਕੌਰ ਪਤਨੀ ਸੇਵਾ ਸਿੰਘ ਵਾਸੀ ਮਾੜੀ ਬੁੱਚੀਆਂ ਜੋ ਕਿ ਬੀਤੇ ਦਿਨਾਂ ਤੋਂ ਬਿਮਾਰ ਸੀ, ਨੂੰ ਇਲਾਜ ਲਈ ਗੁਰੂ ਨਾਨਕ ਦੇਵ ਸਰਕਾਰੀ ਹਸਪਤਾਲ ਅੰਮ੍ਰਿਤਸਰ ਵਿੱਚ ਦਾਖਲ ਕਰਵਾਇਆ ਗਿਆ, ਜਿਥੇ ਉਸ ਦੀ 6 ਜੁਲਾਈ ਨੂੰ ਮੌਤ ਹੋ ਗਈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦਾ ਲੜਕਾ ਵਿਦੇਸ਼ ਵਿੱਚ ਰਹਿੰਦਾ ਸੀ, ਜਿਸ ਕਾਰਨ ਦੇਹ ਨੂੰ ਹਸਪਤਾਲ ਦੇ ਮੁਰਦਾਘਰ ਵਿੱਚ ਰੱਖਿਆ ਗਿਆ ਸੀ। ਅੱਜ ਜਦੋਂ ਦੇਹ ਪਿੰਡ ਲਿਆਂਦੀ ਅਤੇ ਉਨ੍ਹਾਂ ਮ੍ਰਿਤਕ ਦਾ ਚਿਹਰਾ ਨੰਗਾ ਕੀਤਾ ਤਾਂ ਇਹ ਦਲਜੀਤ ਕੌਰ ਦੀ ਦੇਹ ਨਹੀਂ ਸੀ, ਸਗੋਂ ਇੱਕ ਸੱਠ ਕੁ ਸਾਲ ਦੀ ਔਰਤ ਦੀ ਸੀ। ਉਧਰ ਹਸਪਤਾਲ ਦੇ ਅਧਿਕਾਰੀਆਂ ਨੇ ਛਾਣਬੀਣ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਗ਼ਲਤੀ ਨਾਲ ਮ੍ਰਿਤਕ ਦੀ ਦੇਹਾਂ ਦੀ ਅਦਲਾ ਬਦਲੀ ਹੋ ਗਈ। ਉਨ੍ਹਾਂ ਕਿਹਾ ਕਿ ਅਦਲਾ ਬਦਲੀ ਨਾਲ ਸਬੰਧਿਤ ਜਿਹੜੇ ਵੀ ਵਿਅਕਤੀ ਸ਼ਾਮਲ ਹੋਣਗੇ ਉਨ੍ਹਾਂ ਵਿਰੁੱਧ ਹਸਪਤਾਲ ਪ੍ਰਸ਼ਾਸਨ ਢੁਕਵੀਂ ਕਾਰਵਾਈ ਕਰੇਗਾ।