ਪੱਤਰ ਪ੍ਰੇਰਕ
ਨਵੀਂ ਦਿੱਲੀ, 7 ਜੁਲਾਈ
ਦੇਸ਼ ਵਿੱਚ ਚਾਹੇ ਕਰੋਨਾ ਦਾ ਕਹਿਰ ਘਟਿਆ ਹੈ, ਪਰ ਸਰਕਾਰਾਂ ਵੱਲੋਂ ਜਾਰੀ ਕੀਤੀਆਂ ਗਈਆਂ ਹਦਾਇਤਾਂ ਅਤੇ ਸਿਹਤ ਮਾਹਰਾਂ ਵੱਲੋ ਕੋਵਿਡ-19 ਨੇਮਾਂ ਦੀ ਪਾਲਣਾ ਕਰਨ ਬਾਰੇ ਕੀਤੀ ਜਾ ਰਹੀ ਅਪੀਲ ਅਸਰ ਕੌਮੀ ਰਾਜਧਾਨੀ ਦੇ ਵਾਸੀਆਂ ਉੱਪਰ ਨਹੀਂ ਹੋ ਰਿਹਾ। ਦਿੱਲੀ ਦੇ ਮੁੱਖ ਬਾਜ਼ਾਰਾਂ ਵਿੱਚ ਲੋਕਾਂ ਦੀ ਭੀੜ ਦੇਖ ਕੇ ਜਾਪਦਾ ਹੈ ਕਿ ਦਿੱਲੀ ਵਾਸੀ ਜਿਵੇਂ ਦੋ ਮਹੀਨੇ ਪਹਿਲਾਂ ਦਿੱਲੀ ਵਿੱਚ ਕਰੋਨਾਵਾਇਰਸ ਵੱਲੋਂ ਮਚਾਈ ਗਈ ਤਬਾਹੀ ਨੂੰ ਵਿਸਾਰ ਚੁੱਕੇ ਹਨ। ਦਿੱਲੀ ਕੁਦਰਤੀ ਆਫ਼ਤ ਪ੍ਰਬੰਧਨ ਅਥਾਰਟੀ ਨੂੰ ਬੀਤੇ ਦਿਨੀਂ 5 ਬਾਜ਼ਾਰ ਇਸੇ ਕਰ ਕੇ ਵਾਰੀ-ਵਾਰੀ ਬੰਦ ਕਰਨੇ ਪਏ ਸਨ। ਬਾਜ਼ਾਰਾਂ ਵਿੱਚ ਖਾਸ ਤੌਰ ’ਤੇ ਕਰੋਨਾ ਸਬੰਧੀ ਜਾਰੀ ਕੀਤੀਆਂ ਗਈਆਂ ਹਦਾਇਤਾਂ ਦੀ ਪਾਲਣਾ ਨਹੀਂ ਹੋ ਰਹੀ। ਹੁਣ ਵੀ ਸਰੋਜਨੀ ਨਗਰ, ਕਰੋਲ ਬਾਗ਼, ਚਾਂਦਨੀ ਚੌਕ ਦੇ ਭੀੜੇ ਤੇ ਪੁਰਾਣੇ ਬਜ਼ਾਰਾਂ ਵਿੱਚ ਸਮਾਜਕ ਦੂਰੀ ਦੇ ਨਿਯਮ ਦੀ ਅਣਦੇਖੀ ਕੀਤੀ ਜਾ ਰਹੀ ਹੈ ਤੇ ਮਾਸਕ ਵੀ ਰਸਮ ਅਦਾਇਗੀ ਲਈ ਹੀ ਲਾਇਆ ਜਾ ਰਿਹਾ ਹੈ। ਸਿਹਤ ਮਾਹਰਾਂ ਮੁਤਾਬਕ ਅਗਸਤ ਜਾਂ ਸਤੰਬਰ ਵਿੱਚ ਕਰੋਨਾ ਦੀ ਤੀਜੀ ਲਹਿਰ ਵੀ ਆ ਸਕਦੀ ਹੈ, ਜੋ ਹੋਰ ਵੀ ਭਿਆਨਕ ਹੋ ਸਕਦੀ ਹੈ।
ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਅੱਜ ਫਿਰ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਸਮਾਜਕ ਦੂਰੀਆਂ ਦੀ ਪਾਲਣਾ ਕਰਨ। ਉਨ੍ਹਾਂ ਦੱਸਿਆ ਕਿ ਦਿੱਲੀ ਪੜਾਅਵਾਰ ਖੋਲ੍ਹੀ ਜਾ ਰਹੀ ਹੈ, ਪਰ ਬਹੁਤ ਸਾਰੇ ਬਾਜ਼ਾਰਾਂ ਵਿੱਚ ਭੀੜ-ਭੜੱਕਾ ਹੈ। ਉਨ੍ਹਾਂ ਕਿਹਾ ਕਿ ਸਾਵਧਾਨੀ ਨਹੀਂ ਵਰਤੀ ਗਈ ਤਾਂ ਕਰੋਨਾ ਫਿਰ ਫੈਲ ਜਾਵੇਗਾ ਤੇ ਲੱਖਾਂ ਲੋਕਾਂ ਦੀ ਜਾਨ ਨੂੰ ਖਤਰਾ ਖੜ੍ਹਾ ਹੋ ਜਾਵੇਗਾ।